Babushahi Special ਡੇਰਾ ਸਿਰਸਾ ਪੈਰੋਕਾਰਾਂ ਨੇ ਦਾਨ ਕੀਤੀਆਂ ਮ੍ਰਿਤਕ ਦੇਹਾਂ ਨੂੰ ਲੈਕੇ ਖੜ੍ਹੇ ਕਰਾਏ ਮੈਡੀਕਲ ਕਾਲਜਾਂ ਦੇ ਹੱਥ
ਅਸ਼ੋਕ ਵਰਮਾ
ਬਠਿੰਡਾ, 16 ਅਗਸਤ2025: ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਸਰੀਰਦਾਨ ਕਰਨ ਨੂੰ ਪਹਿਲ ਦੇਣ ਕਾਰਨ ਮ੍ਰਿਤਕ ਦੇਹਾਂ ਹਾਸਲ ਕਰਨ ਦੇ ਮਾਮਲੇ ’ਚ ਜਿਆਦਾਤਰ ਮੈਡੀਕਲ ਕਾਲਜਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਕੋਈ ਸਮਾਂ ਸੀ ਜਦੋਂ ਡਾਕਟਰ ਬਣਨ ਵਾਲਿਆਂ ਨੂੰ ਮ੍ਰਿਤਕ ਦੇਹਾਂ ਦੀ ਘਾਟ ਕਾਰਨ ਮੈਡੀਕਲ ਖੋਜਾਂ ਦੌਰਾਨ ਸਮੱਸਿਆ ਆਉਂਦੀ ਸੀ ਪਰ ਹੁਣ ਕੋਈ ਕਮੀ ਨਹੀਂ ਰਹੀ ਬਲਕਿ ਫਾਲਤੂ ਹੋਣ ਦੇ ਤੱਥ ਵੀ ਹਨ। ਸਰੀਰਦਾਨ ਕਰਨ ਨਾਲ ਸਥਾਨਕ ਮੈਡੀਕਲ ਕਾਲਜਾਂ ਦੀ ਸਮੱਸਿਆ ਤਾਂ ਹੱਲ ਹੋ ਗਈ ਹੈ ਪਰ ਪਹਿਲਾਂ ਹੀ ਲੋੜੋਂ ਵੱਧ ਹੋਣ ਕਾਰਨ ਮ੍ਰਿਤਕ ਦੇਹਾਂ ਲੈਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਕੁੱਝ ਸਮਾਂ ਪਹਿਲਾਂ ਤਲਵੰਡੀ ਭਾਈ ਇਲਾਕੇ ’ਚ ਮ੍ਰਿਤਕ ਦਾ ਅੰਤਿਮ ਸਸਕਾਰ ਇਸ ਕਰਕੇ ਕਰਨਾ ਪਿਆ ਕਿਉਂਕਿ ਕੋਈ ਸਥਾਨਕ ਮੈਡੀਕਲ ਕਾਲਜ ਮ੍ਰਿਤਕ ਸਰੀਰ ਲਿਜਾਣ ਨੂੰ ਤਿਆਰ ਨਹੀਂ ਹੋਇਆ ਜਿਸ ਕਰਕੇ ਹੁਣ ਦੂਸਰੇ ਸੂਬਿਆਂ ਦਾ ਰੁੱਖ ਕਰਨਾ ਪਿਆ ਹੈ।.
.jpg)
ਇੱਕ ਪੜਤਾਲ ਮੁਤਾਬਕ ਹੁਣ ਬਹੁਤੀਆਂ ਮ੍ਰਿਤਕ ਦੇਹਾਂ ਯੂਪੀ ਦੇ ਮੈਡੀਕਲ ਕਾਲਜਾਂ ’ਚ ਭੇਜੀਆਂ ਜਾ ਰਹੀਆਂ ਹਨ ਜਦੋਂਕਿ ਹਰਿਆਣਾ ਅਤੇ ਉੱਤਰਾਖੰਡ ਆਦਿ ਦੇ ਮੈਡੀਕਲ ਕਾਲਜ ਵੀ ਇਸ ਵਿੱਚ ਸ਼ਾਮਲ ਹਨ। ਇਕੱਲੇ ਬਠਿੰਡਾ ਸ਼ਹਿਰ ਚੋਂ ਹੁਣ ਤੱਕ ਡੇਢ ਦਰਜਨ ਤੋਂ ਵੱਧ ਮ੍ਰਿਤਕ ਦੇਹਾਂ ਯੂਪੀ ਦੇ ਮੈਡੀਕਲ ਕਾਲਜਾਂ ’ਚ ਭੇਜੀਆਂ ਗਈਆਂ ਹਨ। ਭਾਵੇਂ ਡੇਰਾ ਸਿਰਸਾ ਪੈਰੋਕਾਰਾਂ ਨੇ ਸਰੀਰਦਾਨ ਨੂੰ ਤਰਜੀਹ ਬਣਾਇਆ ਹੋਇਆ ਹੈ ਪਰ ਅਸਲ ਵਿੱਚ ਸਰੀਰਦਾਨ ਦੀ ਮੋੜ੍ਹੀ ਮਾਲਵੇ ਦੇ ਕਸਬੇ ਬਰਗਾੜੀ ਨਿਵਾਸੀ ਤਰਕਸ਼ੀਲ ਲਹਿਰ ਦੇ ਥੰਮ੍ਹ ਕ੍ਰਿਸ਼ਨ ਬਰਗਾੜੀ ਨੇ ਜਨਵਰੀ 2002 ਵਿੱਚ ਗੱਡੀ ਸੀ। ਲੋਕਾਂ ਦੀਆਂ ਨਸੀਹਤਾਂ ਦੀ ਪ੍ਰਵਾਹ ਨਾਂ ਕਰਦਿਆਂ ਪ੍ਰੀਵਾਰ ਨੇ ਸਮਾਜ ਨੂੰ ਸੇਧ ਦੇਣ ਲਈ ਅਜਿਹੀ ਨਿਵੇਕਲੀ ਪਿਰਤ ਪਾਈ ਜਿਸ ਨੇ ਕ੍ਰਿਸ਼ਨ ਬਰਗਾੜੀ ਨੂੂੰ ਨਾਂ ਕੇਵਲ ਉੱਤਰੀ ਭਾਰਤ ਦਾ ਪਹਿਲਾ ਸਰੀਰਦਾਨੀ ਹੋਣ ਦਾ ਮਾਣ ਦਿਵਾਇਆ ਬਲਕਿ ਸਰੀਰਦਾਨ ਦੀ ਅਜਿਹੀ ਸ਼ੁਰੂਆਤ ਕੀਤੀ ਜੋ ਹੁਣ ਇੱਕ ਲਹਿਰ ਬਣ ਗਈ ਹੈ।
ਜਦੋਂ ਤੋਂ ਡੇਰਾ ਸਿਰਸਾ ਪੈਰੋਕਾਰਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਤਾਂ ਮ੍ਰਿਤਕ ਦੇਹਾਂ ਦੀ ਘਾਟ ਨਾਲ ਜੂਝਦੇ ਮੈਡੀਕਲ ਕਾਲਜਾਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਹੁਣ ਤੱਕ ਤਕਰੀਬਨ ਢਾਈ ਹਜ਼ਾਰ ਸਰੀਰਦਾਨ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਵਿੱਚ 23 ਮਈ 2025 ਨੂੰ 10 ਮਹੀਨੇ ਦੇ ਬੱਚੇ ਦੀ ਮ੍ਰਿਤਕ ਦੇਹ ਵੀ ਸ਼ਾਮਲ ਹੈ। ਡੇਰਾ ਪ੍ਰਬੰਧਕਾਂ ਅਨੁਸਾਰ ਕਰੀਬ ਸਵਾ ਲੱਖ ਡੇਰਾ ਪ੍ਰੇਮੀਆਂ ਨੇ ਸਰੀਰਦਾਨ ਲਈ ਪ੍ਰਣ ਪੱਤਰ ਭਰੇ ਹੋਏ ਹਨ ਜਿੰਨ੍ਹਾਂ ਤੇ ਬਕਾਇਦਾ ਅਮਲ ਵੀ ਕੀਤਾ ਰਿਹਾ ਹੈ। ਇਸ ਮਾਮਲੇ ’ਚ ਮਾਲਵਾ ਮੋਹਰੀ ਹੈ ਜਿੱਥੇ ਪਿੰਡਾਂ ਸ਼ਹਿਰਾਂ ’ਚ ਸੈਂਕੜੇ ਸਰੀਰਦਾਨ ਹੋ ਚੁੱਕੇ ਹਨ ਅਤੇ ਇਹ ਸਿਲਸਿਲਾ ਜਾਰੀ ਹੈ। ਇੱਕ ਡੇਰਾ ਆਗੂ ਦਾ ਕਹਿਣਾ ਸੀ ਕਿ ਜਿਸ ਤਰਾਂ ਦੇ ਹਾਲਾਤ ਹਨ ਉਸ ਤੋਂ ਜਾਪਦਾ ਹੈ ਕਿ ਭਵਿੱਖ ’ਚ ਦਾਨ ਕੀਤੇ ਹੋਏ ਸਰੀਰ ਦੂਰ ਦੁਰਾਡੇ ਸੂਬਿਆਂ ਨੂੰ ਭੇਜਣੇ ਪਿਆ ਕਰਨਗੇ।
ਡੇਰਾ ਪੈਰੋਕਾਰਾਂ ਦੇ ਇਸ ਉਪਰਾਲੇ ਸਦਕਾ ਇਕੱਲਾ ਬਠਿੰਡਾ ਸ਼ਹਿਰ ਸਰੀਰਦਾਨ ਕਰਨ ਦੇ ਮਾਮਲੇ ’ਚ ਹੌਟ ਸਪਾਟ ਵਜੋਂ ਉੱਭਰਿਆ ਹੈ ਜਿੱਥੇ ਹੁਣ ਤੱਕ 125 ਮ੍ਰਿਤਕ ਦੇਹਾਂ ਮੈਡੀਕਲ ਕਾਲਜਾਂ ਹਵਾਲੇ ਕੀਤੀਆਂ ਜਾ ਚੁੱਕੀਆਂ ਹਨ। ਬਠਿੰਡਾ ਜਿਲ੍ਹੇ ’ਚ ਸ਼ਰਧਾਲੂਆਂ ਨੇ ਇਕੱਲੇ ਆਦੇਸ਼ ਮੈਡੀਕਲ ਕਾਲਜ਼ ਨੂੰ ਛੇ ਦਰਜਨ ਤੋਂ ਵੱਧ ਮ੍ਰਿਤਕ ਦੇਹਾਂ ਭੇਂਟ ਕੀਤੀਆਂ ਹਨ ਜਦੋਂਕਿ ਹੋਰਨਾਂ ਸੂਬਿਆਂ ਨੂੰ ਭੇਜੀਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਬਰਨਾਲਾ ਜਿਲ੍ਹੇ ਦਾ ਬਲਾਕ ਮਹਿਲ ਕਲਾਂ ਵੀ ਸਰੀਰਦਾਨੀਆਂ ਵਜੋਂ ਜਾਣਿਆ ਜਾਣ ਲੱਗਿਆ ਹੈ ਅਤੇ ਬਰਨਾਲਾ ਬਲਾਕ ਵੀ ਜਿੱਥੇ 102 ਸਾਲਾ ਬਜ਼ੁਰਗ ਔਰਤ ਦੀ ਮ੍ਰਿਤਕ ਦੇਹ ਦਾਨ ਕੀਤੀ ਗਈ ਹੈ। ਬਰਨਾਲਾ ਜਿਲ੍ਹੇ ਦੇ ਪਿੰਡ ਅਮਲਾ ਸਿੰਘ ਵਾਲਾ ਨੇ ਤਾਂ ਇਸ ਮਾਮਲੇ ’ਚ ਪੇਂਡੂ ਸਮਾਜ ਨੂੰ ਨਵੀਂ ਰਾਹ ਦਿਖਾਈ ਹੈ ਜਿੱਥੇ ਸਰੀਰਦਾਨ ਤਰਜੀਹੀ ਮੰਨਿਆ ਜਾਂਦਾ ਹੈ। ਸੰਗਰੂਰ ਸ਼ਹਿਰ ਅਤੇ ਪਟਿਆਲਾ ਜਿਲ੍ਹੇ ’ਚ ਵੀ ਮ੍ਰਿਤਕ ਦੇਹਾਂ ਅੱਗੇ ਹੋਕੇ ਦਾਨ ਕਰਦੇ ਹਨ।
ਅੱਖਾਂ ਅਤੇ ਗੁਰਦੇ ਵੀ ਦਾਨ
ਡੇਰਾ ਪੈਰੋਕਾਰਾਂ ਵੱਲੋਂ ਹੁਣ ਤੱਕ 18 ਹਜ਼ਾਰ ਤੋਂ ਵੱਧ ਸਰਧਾਲੂਆਂ ਦੀਆਂ ਅੱਖਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਰਾਹੀਂ ਗੁਰਦੇ ਵੀ ਦਾਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ 57 ਹਜਾਰ ਤੋਂ ਜਿਆਦਾ ਡੇਰਾ ਸ਼ਰਧਾਲੂਆਂ ਨੇ ਜਿਉਂਦੇ ਜੀਅ ਗੁਰਦਾ ਦਾਨ ਕਰਨ ਦਾ ਲਿਖਤੀ ਪ੍ਰਣ ਕੀਤਾ ਹੋਇਆ ਹੈ। ਡੇਰਾ ਪੈਰੋਕਾਰ ਆਖਦੇ ਹਨ ਕਿ ਉਹ ਆਪਣੇ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਪ੍ਰੇਰਣਾ ਤਹਿਤ ਅਜਿਹਾ ਕਰ ਰਹੇ ਹਨ।
ਤਰਕਸ਼ੀਲਤਾ ਅਜੇ ਵੀ ਸਰਗਰਮ
ਤਰਕਸ਼ੀਲਾਂ ਵੱਲੋਂ ਸਰੀਰਦਾਨ ਕਰਨ ਦੇ ਅਹਿਦ ਤਹਿਤ ਇਨਕਲਾਬੀ ਆਗੂ ਨਾਮਦੇਵ ਭੁਟਾਲ ਦੀ ਮ੍ਰਿਤਕ ਦੇਹ ਦਾਨ ਕੀਤੀ ਗਈ ਸੀ। ਬਠਿੰਡਾ ਜਿਲ੍ਹੇ ਦੇ ਮੌੜ ’ਚ ਵੀ ਏਦਾਂ ਦੇ ਆਗੂ ਨੇ ਆਪਣੇ ਪ੍ਰੀਵਾਰਕ ਮੈਂਬਰ ਦਾ ਸਰੀਰ ਦਾਨ ਕੀਤਾ ਸੀ। ਖੱਬੇ ਪੱਖੀਆਂ ਸਮੇਤ ਹੋਰ ਸੰਸਥਾਵਾਂ ਵੀ ਇਸ ਮਾਮਲੇ ਵਿੱਚ ਮੈਡੀਕਲ ਕਾਲਜਾਂ ਦੀ ਸਹਾਇਤਾ ਕਰ ਰਹੀਆਂ ਹਨ ਅਤੇ ਅੰਮ੍ਰਿਤਸਰ ਦਾ ਪਿੰਗਲਵਾੜਾ ਵੀ ਵੱਡਾ ਯੋਗਦਾਨ ਪਾ ਰਿਹਾ ਹੈ।
ਭੂਤ ਪ੍ਰੇਤ ਦੀ ਧਾਰਨਾ ਖਤਮ :ਗਗਨ
ਤਰਕਸ਼ੀਲ ਸੁਸਾਇਟੀ ਦੇ ਆਗੂ ਗਗਨ ਗਰੋਵਰ ਦਾ ਕਹਿਣਾ ਸੀ ਕਿ ਸਰੀਰਦਾਨ ਦੀ ਲਹਿਰ ਨੇ ਭੂਤ ਪ੍ਰੇਤ ਬਣਨ ਅਤੇ ਮਨੁੱਖੀ ਸ਼ਰੀਰ ਦੇ ਮੌਤ ਪਿੱਛੋਂ ਕਿਸੇ ਕੰਮ ਨਾਂ ਆਉਣ ਦੀ ਧਾਰਨਾ ਖਤਮ ਕਰ ਦਿੱਤੀ ਹੈ। ਉਨ੍ਹਾਂ ਪੰਜਾਬੀਆਂ ਨੂੰ ਵਿਗਿਆਨਕ ਚੇਤਨਾ ਤੇ ਪਹਿਰਾ ਦਿੰਦਿਆਂ ਰੌਸ਼ਨੀ ਨੂੰ ਤਰਸਦੇ ਲੋਕਾਂ ਦੀ ਹਨੇਰੀ ਜਿੰਦਗੀ ’ਚ ਚਾਨਣ ਲਿਆਉਣ ਲਈ ਅੱਖਾਂ ਦਾਨ ਕਰਨ ਦਾ ਸੱਦਾ ਦਿੱਤਾ।