ਕਮਲ ਦੇ ਫੁੱਲ ,ਬੀਜ਼ ਅਤੇ ਜੜਾਂ ਵਿੱਚ ਵੀ ਹੁੰਦੇ ਹਨ ਔਸ਼ਧੀ ਗੁਣ
ਰੋਹਿਤ ਗੁਪਤਾ
ਗੁਰਦਾਸਪੁਰ , 18 ਅਗਸਤ 2025 :
ਕਮਲ ਦਾ ਫੁੱਲ ਬੇਹਦ ਖੂਬਸੂਰਤ ਹੁੰਦਾ ਹੈ ਅਤੇ ਇਸ ਵਿੱਚ ਹਿੰਦੂ ਧਰਮ ਗ੍ਰੰਥਾਂ ਅਨੁਸਾਰ ਦੇਵੀ ਲਕਸ਼ਮੀ ਦਾ ਵਾਸ ਮੰਨਿਆ ਜਾਂਦਾ ਹੈ। ਹਾਲਾਂਕਿ ਕਮਲ ਦਾ ਫੁੱਲ ਪਾਣੀ ਵਿੱਚ ਹੀ ਖਿੜਦਾ ਹੈ ਪਰ ਇਸ ਦਾ ਫੁੱਲ ਹੀ ਨਹੀਂ ਇਸ ਦੀਆਂ ਜੜਾਂ ਜਿਸ ਨੂੰ ਭੇਅ ਕਿਹਾ ਜਾਂਦਾ ਹੈ ਅਤੇ ਬੀਜ ਜਿਸ ਨੂੰ ਕੋਲ ਡੋਡੇ ਕਿਹਾ ਜਾਂਦਾ ਹੈ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ ਅਤੇ ਕਈ ਬਿਮਾਰੀਆਂ ਕੱਟਦੇ ਹਨ । ਕਮਲ ਦੀ ਜੜ ਐਵਰ ਗਰੀਨ ਹੁੰਦੀ ਹੈ ਪਰ ਕਮਲ ਦਾ ਫੁੱਲ ਅਤੇ ਬੀਜ਼ ਸਿਤੰਬਰ ਅਕਤੂਬਰ ਮਹੀਨੇ ਆਉਂਦੇ ਹਨ ।ਭੇਅ ਯਾਨੀ ਜੜ ਦੀ ਸਬਜ਼ੀ, ਅਚਾਰ ,ਪਕੌੜੇ ਆਦੀ ਬਣਦੇ ਹਨ ਅਤੇ ਜੰਮੂ ਕਸ਼ਮੀਰ ਵਿੱਚ ਇਸਦੇ ਕਰੀਬ 20 ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਦਕਿ ਇਸ ਦੇ ਬੀਜ ਵਿਟਾਮਿਨ ਏ ਅਤੇ ਹੋਰ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਨਾਲ ਨਾਲ ਹੋਰ ਵੀ ਕਈ ਬਿਮਾਰੀਆਂ ਵਿੱਚ ਡਾਕਟਰ ਖਾਉਣ ਦੀ ਸਲਾਹ ਦਿੰਦੇ ਹਨ।
ਕੇਸੋ਼ਪੁਰ ਛੰਭ ਜੋ ਸਰਦੀਆਂ ਵਿੱਚ ਵਿਦੇਸ਼ੀ ਮਹਿਮਾਨ ਪੰਛੀਆਂ ਦੀ ਆਮਦ ਕਾਰਨ ਮਸ਼ਹੂਰ ਹੈ ਵਿੱਚ ਕਈ ਏਕੜ ਜਮੀਨ ਅਜਿਹੀ ਹੈ ਜੋ ਕੁਦਰਤੀ ਛੰਬ ਹੋਣ ਕਾਰਨ ਸਾਰਾ ਸਾਲ ਪਾਣੀ ਨਾਲ ਭਰੀ ਰਹਿੰਦੀ ਹੈ ਅਤੇ ਇੱਥੇ ਕੁਝ ਕਿਸਾਨ ਕਮਲ ਦੀ ਖੇਤੀ ਵੀ ਕਰਦੇ ਹਨ। ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਕਿਸਾਨ ਆਪਣੀ ਪੈਲੀ ਵਿੱਚ ਛੱਪੜ ਬਣਾ ਕੇ ਕਮਲ ਦੀ ਖੇਤੀ ਕਰਨ ਤਾਂ ਵਧੇਰੇ ਫਾਇਦੇਮੰਦ ਸਾਬਿਤ ਹੋ ਸਕਦੀ ਹੈ।