ਤਰਨ ਤਾਰਨ ਦੇ ਪਿੰਡ ਸ਼ੇਖ ਚੱਕ 'ਚ ਫਿਰੌਤੀ ਲਈ ਗੈਂਗਸਟਰਾਂ ਵੱਲੋਂ ਫਾਇਰਿੰਗ, ਇਕ ਦੀ ਮੌਤ, ਦੋ ਗ੍ਰਿਫ਼ਤਾਰ
ਬਲਜੀਤ ਸਿੰਘ
ਤਰਨ ਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸ਼ੇਖ ਚੱਕ ਵਿਖੇ ਫਿਰੌਤੀ ਨਾ ਮਿਲਣ ਕਾਰਨ ਇਲੈਕਟ੍ਰਾਨਿਕ ਸ਼ੋਰੂਮ 'ਤੇ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਫਾਇਰਿੰਗ ਕੀਤੀ ਗਈ। ਹਮਲਾਵਰਾਂ ਨੇ ਸ਼ੋਰੂਮ ਮਾਲਕ ਸੁਨੀਲ ਸ਼ਰਮਾ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਸੀ। ਮੰਗ ਪੂਰੀ ਨਾ ਹੋਣ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਸ਼ੋਰੂਮ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਪੁਲਿਸ ਅਤੇ ਪੀੜਤ ਪਾਸੋਂ ਪਿੱਛਾ ਕੀਤੇ ਜਾਣ 'ਤੇ ਹਮਲਾਵਰਾਂ ਦੀ ਮੋਟਰਸਾਈਕਲ ਨੌਰੰਗਾਬਾਦ ਨੇੜੇ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਇਕ ਗੈਂਗਸਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਨੂੰ ਲੋਕਾਂ ਅਤੇ ਪੁਲਿਸ ਨੇ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਗੈਂਗਸਟਰਾਂ ਦੀ ਪਛਾਣ ਹੋਣੀ ਬਾਕੀ ਹੈ, ਪਰ ਇਹ ਲੰਡਾ ਅਤੇ ਸੱਟਾ ਨੌਸ਼ਹਰਾ ਗਿਰੋਹ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
ਮੌਕੇ 'ਤੇ ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਦੇ ਵਪਾਰੀ ਅਤੇ ਵਾਸੀ ਘਟਨਾ ਤੋਂ ਬਾਅਦ ਡਰੇ ਹੋਏ ਹਨ ਅਤੇ ਪੁਲਿਸ ਤੋਂ ਵਧੀਕ ਸੁਰੱਖਿਆ ਦੀ ਮੰਗ ਕਰ ਰਹੇ ਹਨ।