India Airstrikes Pakistan: ਪਾਕਿਸਤਾਨ ਵੱਲੋਂ ਹੁਣ ਪੁੰਛ 'ਚ ਗੁਰਦੁਆਰਾ ਸਾਹਿਬ ਲਾਗੇ ਹਮਲਾ, ਰਾਗੀ ਸਿੰਘ ਸਮੇਤ 10 ਤੋਂ ਵੱਧ ਲੋਕਾਂ ਦੀ ਮੌਤ
ਨਵੀਂ ਦਿੱਲੀ, 7 ਮਈ 2025- India Airstrikes Pakistan: ਆਪ੍ਰੇਸ਼ਨ ਸਿੰਦੂਰ ਦੇ ਤਹਿਤ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਗੋਲੀਬਾਰੀ ਕਰਕੇ ਕਾਇਰਤਾਪੂਰਨ ਕਾਰਵਾਈ ਕੀਤੀ ਹੈ। ਜੰਮੂ-ਕਸ਼ਮੀਰ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਦਰਜਨ ਦੇ ਕਰੀਬ ਲੋਕ ਮਾਰੇ ਗਏ ਅਤੇ 38 ਜ਼ਖਮੀ ਹੋ ਗਏ।
ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਕਾਰਨ ਇੱਕ ਗੁਰਦੁਆਰੇ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸੀਐੱਮ ਭਗਵੰਤ ਮਾਨ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਖੇ LOC ਨੇੜੇ ਸਥਿਤ ਗੁਰਦੁਆਰਾ ਸਾਹਿਬ 'ਤੇ ਪਾਕਿਸਤਾਨ ਵੱਲੋਂ ਬੰਬ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ। ਜਿਸ ਵਿੱਚ ਇੱਕ ਰਾਗੀ ਸਿੰਘ ਭਾਈ ਅਮਰੀਕ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਅਤੇ ਰੂਬੀ ਕੌਰ ਮਾਰੇ ਗਏ ਹਨ। ਜਿੱਥੇ ਸਰਬੱਤ ਦਾ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ, ਉੱਥੇ ਇਸ ਤਰ੍ਹਾਂ ਦਾ ਹਮਲਾ ਕਰਨਾ ਬੇਹੱਦ ਨਿੰਦਣਯੋਗ ਹੈ। ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਗਲਤ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ, ਗੁਰੂ ਸਾਹਿਬ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਵਿੱਚ ਪੁਣਛ ਜ਼ਿਲ੍ਹੇ ਦਾ ਦੁਕਾਨਦਾਰ ਭਾਈ ਅਮਰੀਕ ਸਿੰਘ ਸਿੰਡੀਕੇਟ ਚੌਕ ਨੇੜੇ ਇੱਕ ਦੁਕਾਨ ਚਲਾਉਂਦਾ ਸੀ। ਉਸਦੀ ਦੁਕਾਨ ਦੇ ਬਾਹਰ ਇੱਕ ਗੋਲਾ ਫਟ ਗਿਆ ਅਤੇ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਚਸ਼ਮਦੀਦਾਂ ਨੇ ਦੱਸਿਆ ਹੈ ਕਿ ਗੋਲਾਬਾਰੀ ਦੀ ਤੀਬਰਤਾ 1999 ਦੇ ਕਾਰਗਿਲ ਯੁੱਧ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ।
ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਭਿੰਬਰ ਗਲੀ ਸੈਕਟਰ ਵਿੱਚ ਤੋਪਖਾਨੇ ਦੀ ਗੋਲੀਬਾਰੀ ਕੀਤੀ ਹੈ ਅਤੇ ਇਹ ਜੰਗਬੰਦੀ ਦੀ ਉਲੰਘਣਾ ਹੈ। ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ। ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਥਾਵਾਂ 'ਤੇ ਹਮਲਾ ਕੀਤਾ ਹੈ। ਭਾਰਤੀ ਫੌਜ ਦੀ ਇਸ ਕਾਰਵਾਈ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਗਿਆ ਹੈ।
ਭਾਰਤੀ ਫੌਜ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਮਰਕਜ਼ ਸੁਭਾਨ ਅੱਲ੍ਹਾ-ਬਹਾਵਲਪੁਰ, ਮਰਕਜ਼ ਤਾਇਬਾ-ਮੁਰੀਦਕੇ, ਸਰਜਾਲ/ਤੇਹਰਾ ਕਲਾਂ, ਮਹਿਮੂਨਾ ਜ਼ੋਯਾ ਸੁਵਿਧਾ-ਸਿਆਲਕੋਟ, ਮਰਕਜ਼ ਅਹਲੇ ਹਦੀਸ-ਬਰਨਾਲਾ-ਭਿੰਬਰ, ਮਰਕਜ਼ ਅੱਬਾਸ-ਕੋਟਲੀ, ਮਸਕਰ ਰਾਹੀਲ ਸ਼ਾਹਿਦ-ਕੋਟਲੀ, ਮਰਕਜ਼ ਨਲਾਫਨਾਬਾਦ ਵਿੱਚ ਕੋਟਲੀ, ਸਈਅਦਲ ਨਲਾਕਾਰਾਦਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ।