ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਨੰਗਲ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ
ਦੀਦਾਰ ਗੁਰਨਾ
- ਸਿਵਲ ਡੀਫੈਂਸ ਵੱਲੋਂ ਡੀਏਵੀ ਸਕੂਲ ਨੰਗਲ ਵਿੱਚ ਵਿਦਿਆਰਥੀਆਂ ਨੂੰ ਮੌਕ ਡਰਿੱਲ ਕੀਤੀ ਗਈ
- ਹਰ ਪੱਧਰ ਤੇ ਸੁਰੱਖਿਆ ਪ੍ਰਬੰਧ ਪੁਖ਼ਤਾ ਤੇ ਕਿਸੇ ਨੂੰ ਘਬਰਾਉਣ ਦੀ ਜਰੂਰਤ ਨਹੀਂ
ਨੰਗਲ, 7 ਮਈ 2025: ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਤਹਿਤ ਜ਼ਿਲ੍ਹਾ ਰੂਪਨਗਰ ਦੇ ਨੰਗਲ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਉੱਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਸਿੰਘ ਵਾਲੀਆ ਅਤੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ਼੍ਰੀ ਸੁਭਮ ਅਗਰਵਾਲ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਕੇਵਲ ਨੰਗਲ ਸ਼ਹਿਰ ਦੀ ਹੱਦ ਅੰਦਰ ਰਾਤ 8 ਵਜੇ ਤੋ ਲੈਕੇ 8:10 ਤੱਕ ਆਮ ਲੋਕਾਂ ਦੀ ਸੁਰੱਖਿਆਂ ਨੂੰ ਯਕੀਨੀ ਕਰਨ ਲਈ ਮੌਕ ਡਰਿੱਲ (ਅਭਿਆਸ) ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਾ ਉਦੇਸ਼ ਐਮਰਜੈਂਸੀ ਸਥਿਤੀਆਂ ਨੂੰ ਨਿਯੰਤਰਿਤ ਅਤੇ ਅਜਿਹੀਆਂ ਸਥਿਤੀਆਂ ਦੀ ਸੁਰੱਖਿਅਤ ਢੰਗ ਨਾਲ ਅਭਿਆਸ ਕਰਨਾ ਹੈ ਤਾਂ ਜੋ ਨਾਗਰਿਕ ਅਤੇ ਪ੍ਰਸ਼ਾਸਨ ਦੋਵੇਂ ਅਸਲ ਸੰਕਟ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਤਿਆਰ ਹੋਣ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਸਿਵਲ ਡੀਫੈਂਸ ਵੱਲੋਂ ਡੀਏਵੀ ਸਕੂਲ ਨੰਗਲ ਵਿੱਚ ਵਿਦਿਆਰਥੀਆਂ ਦੀ ਮੌਕ ਡਰਿੱਲ ਕੀਤੀ ਗਈ ਅਤੇ ਐਮਰਜੈਂਸੀ ਸੇਵਾਵਾਂ ਨਾਲ ਨਜਿੱਠਣ ਲਈ ਜਾਗਰੂਕ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਮ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੀਬੀਐਮਬੀ ਤੇ ਐਨਐਫਐਲ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਸੁਰੱਖਿਆ ਸੰਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੀਬੀਐੱਮਬੀ ਦੀ ਮੀਟਿੰਗ ਦੌਰਾਨ ਚੀਫ਼ ਇੰਜੀਨੀਅਰ ਚਰਨਪ੍ਰੀਤ ਸਿੰਘ ਅਤੇ ਡਿਪਟੀ ਡਾਇਰੈਕਟਰ ਸੁਰੱਖਿਆ ਓਮ ਵੀਰ ਸਿੰਘ ਨੂੰ ਸੁਰੱਖਿਆ ਸਬੰਧੀ ਕੀਤੀ ਜਾਣ ਵਾਲੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ।
ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਵੱਲੋਂ ਬੀਬੀਐਮਬੀ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨੰਗਲ ਡੈਮ ਦਾ ਦੌਰਾ ਕੀਤਾ ਗਿਆ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਵੱਲੋਂ ਨੈਸ਼ਨਲ ਫਰਟੀਲਾਈਜ਼ਰ ਲਿਮਟਡ (ਐਨਐੱਫਐਲ) ਨੰਗਲ ਦਾ ਵੀ ਵਿਸਥਾਰ ਨਾਲ ਦੌਰਾ ਕੀਤਾ ਗਿਆ ਅਤੇ ਮੌਕੇ ਉੱਤੇ ਜਾ ਕੇ ਚੀਫ਼ ਜਨਰਲ ਮੈਨੇਜਰ ਐਮ.ਐਨ. ਗੋਇਲ ਨੂੰ ਐਨਐੱਫਐਲ ਦੇ ਬਾਹਰਲੇ ਇਲਾਕੇ ਨੂੰ ਕਵਰ ਕਰਨ ਲਈ ਹੋਰ ਸੀਸੀਟੀਵੀ ਕੈਮਰੇ ਲਗਾਉਣ ਲਈ ਕਿਹਾ ਗਿਆ ਅਤੇ ਮੌਕ ਡਰਿੱਲ ਦੌਰਾਨ ਇਕੋਂ ਹੀ ਸਮੇਂ ਵਿੱਚ ਲਾਈਟਾਂ ਅਤੇ ਪਲਾਂਟ ਨੂੰ ਮੁਕੰਮਲ ਤੌਰ ਨੂੰ ਬੰਦ ਕਰਨ ਬਾਰੇ ਕੀਤੇ ਗਏ ਪ੍ਰਬੰਧਾਂ ਦੀ ਜਾਂਚ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨ ਐਫ ਐਲ ਦੇ ਇਲਾਕੇ ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਦੀ ਸਖਤੀ ਨਾਲ ਪਾਲਣਾ ਕਰਨ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਸਬੰਧੀ ਹਦਾਇਤਾਂ ਦੀ ਹਰ ਪੱਧਰ ਉੱਤੇ ਪਾਲਣਾ ਕੀਤੀ ਜਾਵੇ ਅਤੇ ਇੱਕ ਦੂਜੇ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਬਲੈਕਆਊਟ ਅਭਿਆਸ ਨਾਗਰਿਕਾਂ ਨੂੰ ਸਿਖਲਾਈ ਦੇਣ ਅਤੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ ਦਾ ਮੁਲਾਂਕਣ ਕਰਨ ਲਈ ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹੈ। ਗ੍ਰਹਿ ਮੰਤਰਾਲੇ ਤੇ ਡਾਇਰੈਕੋਰੇਟ ਜਨਰਲ ਆਫ਼ ਫਾਇਰ ਸਰਵਿਸ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡਜ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਹ ਅਭਿਆਸ ਪਹਿਲਾਂ ਤੋਂ ਯੋਜਨਾਬੱਧ ਹੈ ਇਸ ਲਈ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਕਾਰਜਸ਼ੀਲ ਰਹਿਣਗੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਸ਼ੀਨਰੀ ਅਭਿਆਸ ਦੌਰਾਨ ਨਾਗਰਿਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਰਹੇਗੀ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਹੋਰ ਜਾਣਕਾਰੀ ਹੋਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਸਾਂਝੀ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ,
ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸਡੀਐਮ ਨੰਗਲ ਅਨਮਜੋਤ ਕੌਰ, ਡਾਇਰੈਕਟਰ ਬੀਬੀਐਮਬੀ ਨਵਜੋਤ ਸਿੰਘ, ਐੱਸਪੀ ਗੁਰਦੀਪ ਸਿੰਘ ਗੋਸਲ, ਸੀਨੀਅਰ ਇੰਜਨੀਅਰ ਸੁਰੇਸ਼ ਕੁਮਾਰ ਮਾਨ, ਸੀਨੀਅਰ ਇੰਜਨੀਅਰ ਅਨਿਲ ਧਵਨ, ਸੀਨੀਅਰ ਇੰਜਨੀਅਰ ਐਚ ਐਸ ਵਾਲੀਆ, ਐਕਸੀਅਨ ਅਸ਼ੋਕ ਕੁਮਾਰ ਨੰਗਲ ਡੈਮ, ਹਿਮਾਚਲ ਪੁਲਿਸ ਤੋਂ ਸੁਨੀਲ ਠਾਕੁਰ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ, ਡੀਐੱਸਪੀ ਨੰਗਲ ਕੁਲਬੀਰ ਸਿੰਘ ਸੰਧੂ, ਐੱਸਐੱਚਓ ਰੋਹਿਤ ਸ਼ਰਮਾ, ਪ੍ਰੋਜੈਕਟ ਸਕਿਊਰਿਟੀ ਅਫਸਰ ਸੁਰਿੰਦਰ ਸਿੰਘ, ਐਸ.ਆਈ ਸੀ.ਆਈ.ਡੀ ਦਲਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।