ਬਰਨਾਲਾ ਚ ਸਿਲੰਡਰ ਫਟਿਆ - ਕੋਈ ਜਾਨੀ ਨੁਕਸਾਨ ਨਹੀਂ
ਕਮਲਜੀਤ ਸਿੰਘ
ਬਰਨਾਲਾ : ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 22, ਪ੍ਰੇਮ ਨਗਰ ਵਿੱਚ ਅੱਜ ਇੱਕ ਸਿਲੰਡਰ ਫੱਟ ਗਿਆ , ਜਿਸ ਕਾਰਨ ਦੋ ਕਿਲੋਮੀਟਰ ਦੂਰ ਤੱਕ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਅਤੇ ਇਲਾਕੇ 'ਚ ਦਹਿਸ਼ਤ ਫੈਲ ਗਈ। ਇਹ ਧਮਾਕਾ ਉਸ ਵੇਲੇ ਵਾਪਰਿਆ ਜਦੋਂ ਇੱਕ ਪੁਰਾਣਾ ਤੇਲ ਦਾ ਡਰੰਮ, ਜੋ ਮਾਲਕ ਵੱਲੋਂ ਸਕ੍ਰੈਪ ਡੀਲਰਾਂ ਨੂੰ ਵੇਚਿਆ ਗਿਆ ਸੀ, ਉਸ ਨੂੰ ਗੈਸ ਕਟਰ ਨਾਲ ਕੱਟਿਆ ਜਾ ਰਿਹਾ ਸੀ।
ਧਮਾਕੇ ਨਾਲ ਡਰੰਮ 'ਚ ਅੱਗ ਲੱਗ ਗਈ ਅਤੇ ਨੇੜਲੀਆਂ ਦੁਕਾਨਾਂ ਦੇ ਖਿੜਕੀਆਂ-ਸ਼ੀਸ਼ੇ ਟੁੱਟ ਗਏ, ਕਈ ਦੁਕਾਨਾਂ ਵਿੱਚ ਤਰੇੜਾਂ ਵੀ ਆ ਗਈਆਂ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਫਾਇਰ ਵਿਭਾਗ ਨੇ ਇਸ ਘਟਨਾ ਲਈ ਘੋਰ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਵਸਤਾਂ ਨੂੰ ਕੱਟਣ ਜਾਂ ਖੋਲ੍ਹਣ ਤੋਂ ਪਹਿਲਾਂ ਸਾਵਧਾਨੀ ਵਰਤਣ ਅਤੇ ਫਾਇਰ ਵਿਭਾਗ ਨੂੰ ਸੂਚਿਤ ਕਰਨਾ ਜ਼ਰੂਰੀ ਹੈ।
ਇਸ ਹਾਦਸੇ ਨੇ ਇਲਾਕੇ ਦੇ ਵਾਸੀਆਂ ਨੂੰ ਸਾਵਧਾਨ ਕਰ ਦਿੱਤਾ ਹੈ ਕਿ ਅਜਿਹੀਆਂ ਵਸਤਾਂ ਨਾਲ ਲਾਪਰਵਾਹੀ ਨਾ ਕੀਤੀ ਜਾਵੇ।