ਬ੍ਰਹਮਪੁਰਾ ਵੱਲੋਂ ਕੈਨੇਡਾ 'ਚ ਗੋਲੀ ਲੱਗਣ ਨਾਲ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨਾਲ ਦੁੱਖ ਸਾਂਝਾ
ਵਿਦੇਸ਼ ਮੰਤਰਾਲੇ ਦੀ ਜਾਣਕਾਰੀ ਬ੍ਰਹਮਪੁਰਾ ਨੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਸਾਂਝੀ
ਮ੍ਰਿਤਕ ਦੇਹ ਭਾਰਤ ਲਿਆਉਣ ਬਾਰੇ ਕੀਤਾ ਸੂਚਿਤ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,24 ਅਪ੍ਰੈਲ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿੰਡ ਧੂੰਦਾ ਦੀ ਨਿਵਾਸੀ ਹਰਸਿਮਰਤ ਕੌਰ ਰੰਧਾਵਾ,ਜਿਸਦੀ ਕੁੱਝ ਦਿਨ ਪਹਿਲਾਂ ਕੈਨੇਡਾ ਵਿੱਚ ਗੋਲੀ ਲੱਗਣ ਕਾਰਨ ਦੁਖਦਾਈ ਮੌਤ ਹੋ ਗਈ ਸੀ,ਦੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ।ਇਸ ਮੌਕੇ ਉਨ੍ਹਾਂ ਨੇ ਮ੍ਰਿਤਕਾ ਹਰਸਿਮਰਤ ਕੌਰ ਰੰਧਾਵਾ ਦੇ ਦਾਦਾ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜਗੀਰਦਾਰ ਅਤੇ ਪਿਤਾ ਬਿਕਰਮ ਸਿੰਘ ਜਗੀਰਦਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪ੍ਰਾਪਤ ਜਾਣਕਾਰੀ ਤੋਂ ਵੀ ਜਾਣੂ ਕਰਵਾਇਆ।ਸ.ਬ੍ਰਹਮਪੁਰਾ ਨੇ ਦੱਸਿਆ ਕਿ ਹਲਕੇ ਦੇ ਪਿੰਡ ਧੂੰਦਾ ਦੀ ਹੋਣਹਾਰ ਬੇਟੀ ਹਰਸਿਮਰਤ ਕੌਰ ਰੰਧਾਵਾ ਕੈਨੇਡਾ ਦੇ ਓਨਟਾਰੀਓ ਵਿਖੇ ਡਾਕਟਰੀ ਦੀ ਪੜ੍ਹਾਈ ਕਰਨ ਗਈ ਸੀ, ਜਿੱਥੇ ਬਦਕਿਸਮਤੀ ਨਾਲ ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਗੋਲੀ ਲੱਗਣ ਕਾਰਨ ਉਸਦੀ ਬੇਵਕਤੀ ਮੌਤ ਹੋ ਗਈ।ਇਸ ਅਸਹਿ ਅਤੇ ਦੁਖਦਾਈ ਘਟਨਾ ਕਾਰਨ ਪੂਰੇ ਖਡੂਰ ਸਾਹਿਬ ਇਲਾਕੇ ਵਿੱਚ ਸੋਗ ਦੀ ਗਹਿਰੀ ਲਹਿਰ ਦੌੜ ਗਈ ਹੈ।ਸ.ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਪਰਿਵਾਰ ਵੱਲੋਂ ਕੀਤੀ ਗਈ ਤੁਰੰਤ ਮੰਗ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ. ਐਸ. ਜੈਸ਼ੰਕਰ ਨੂੰ ਨਿੱਜੀ ਤੌਰ 'ਤੇ ਪੱਤਰ ਲਿਖ ਕੇ ਹਰਸਿਮਰਤ ਕੌਰ ਰੰਧਾਵਾ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਸੀ,ਤਾਂ ਜੋ ਪਰਿਵਾਰ ਆਪਣੇ ਜੱਦੀ ਪਿੰਡ ਧੂੰਦਾ ਵਿਖੇ ਉਸਦਾ ਅੰਤਿਮ ਸੰਸਕਾਰ ਕਰ ਸਕੇ। ਉਨ੍ਹਾਂ ਨੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਕੈਨੇਡੀਅਨ ਸਰਕਾਰ ਤੋਂ ਵੀ ਇਨਸਾਫ਼ ਦੀ ਮੰਗ ਕੀਤੀ ਹੈ।ਸ.ਬ੍ਰਹਮਪੁਰਾ ਨੇ ਦੁਖੀ ਪਰਿਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਨਿਰੰਤਰ ਕੋਸ਼ਿਸ਼ਾਂ ਜ਼ਰੀਏ ਟੋਰਾਂਟੋ ਵਿਖੇ ਭਾਰਤੀ ਕੌਂਸਲੇਟ ਨੇ ਇਸ ਮਾਮਲੇ ਵਿੱਚ ਬਹੁਤ ਹੀ ਸਰਗਰਮੀ ਨਾਲ ਹੁੰਗਾਰਾ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਜਾਰੀ ਕੀਤੇ ਗਈ ਈ-ਮੇਲ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਹਰਸਿਮਰਤ ਕੌਰ ਰੰਧਾਵਾ ਦੇ ਕਨੇਡਾ ਵੱਸਦੇ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਹਰ ਸੰਭਵ ਸਹਾਇਤਾ ਤੁਰੰਤ ਪ੍ਰਦਾਨ ਕੀਤੀ ਜਾ ਰਹੀ ਹੈ। ਕੈਨੇਡੀਅਨ ਅਧਿਕਾਰੀਆਂ ਮੁਤਾਬਕ,ਸ਼ੁੱਕਰਵਾਰ ਨੂੰ ਡੈਥ ਸਰਟੀਫਿਕੇਟ ਮਿਲਣ ਦੀ ਪੂਰੀ ਸੰਭਾਵਨਾ ਹੈ,ਜਿਸ ਤੋਂ ਤੁਰੰਤ ਬਾਅਦ ਉਸੇ ਦਿਨ ਹੀ ਭਾਰਤੀ ਕੌਂਸਲੇਟ ਵੱਲੋਂ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਨੂੰ ਮੁਕੰਮਲ ਕਰਕੇ ਸ਼ਨੀਵਾਰ ਤੱਕ ਮ੍ਰਿਤਕ ਦੇਹ ਨੂੰ ਭਾਰਤ ਭੇਜ ਦਿੱਤਾ ਜਾਵੇਗਾ।
ਸ.ਬ੍ਰਹਮਪੁਰਾ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਹੌਂਸਲਾ ਅਤੇ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਹਲਕੇ ਦੇ ਇੱਕ ਸੇਵਾਦਾਰ ਹੋਣ ਦੇ ਨਾਤੇ,ਪਰਿਵਾਰ ਦੀ ਹਰ ਸੰਭਵ ਮਦਦ ਕਰਨਾ ਉਨ੍ਹਾਂ ਦਾ ਮੁੱਖ ਫਰਜ਼ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਅਸਹਿ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ, ਪਰ ਫ਼ਿਰ ਵੀ ਇਸ ਦੁੱਖ ਵਿੱਚ ਸ਼ਰੀਕ ਹੋ ਕੇ ਕੁਝ ਹਿੰਮਤ ਦੇਣ ਦੀ ਨਿਮਾਣੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਆਪਣੇ ਪਿਤਾ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀਆਂ ਉੱਚੀਆਂ ਸਿੱਖਿਆਵਾਂ 'ਤੇ ਚੱਲਦਿਆਂ ਉਹ ਅੱਜ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ,ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ, ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੋਰੀਆ,ਕਰਨੈਲ ਸਿੰਘ ਪ੍ਰਧਾਨ,ਮੈਂਬਰ ਪੰਚਾਇਤ ਬਲਕਾਰ ਸਿੰਘ,ਕੁੰਦਨ ਸਿੰਘ ਫੌਜੀ,ਅਮਰ ਸਿੰਘ ਧੂੰਦਾ,ਹਰਭਜਨ ਸਿੰਘ ਰਠੌਰ,ਮੈਂਬਰ ਪੰਚਾਇਤ ਵਰਿੰਦਰ ਜੋਤੀ,ਬਿਕਰ ਸਿੰਘ,ਜੈ ਸਿੰਘ,ਅਮਰਜੀਤ ਸਿੰਘ ਜਥੇਦਾਰ ਗੱਜਣ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।