ਮਜ਼ਦੂਰ ਵਰਗ ਦੀਆਂ ਜ਼ਰੂਰਤਾਂ ਨੂੰ ਤਰਜੀਹੀ ਅਧਾਰ 'ਤੇ ਪੂਰਾ ਕਰਨ ਲਈ ਵਚਨਬੱਧ ਹਾਂ : ਹਰਪਾਲ ਚੀਮਾ
- ਪੱਲੇਦਾਰ ਯੂਨੀਅਨ ਦੇ ਸ਼ੈਡ ਲਈ 7.5 ਲੱਖ ਅਤੇ ਕਮਰੇ ਤੇ ਵਰਾਂਡੇ ਦੀ ਉਸਾਰੀ ਲਈ 20 ਲੱਖ ਰੁਪਏ ਦੀਆਂ ਗਰਾਂਟਾਂ ਦਿੱਤੀਆਂ: ਹਰਪਾਲ ਸਿੰਘ ਚੀਮਾ
- ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਜ਼ਾਦ ਪੱਲੇਦਾਰ ਯੂਨੀਅਨ ਦਿੜ੍ਹਬਾ ਵੱਲੋਂ ਆਯੋਜਿਤ ਧਾਰਮਿਕ ਸਮਾਗਮ ਵਿੱਚ ਕੀਤੀ ਸ਼ਿਰਕਤ
ਦਲਜੀਤ ਕੌਰ
ਦਿੜ੍ਹਬਾ/ਸੰਗਰੂਰ, 6 ਅਪ੍ਰੈਲ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਦੀਆਂ ਜਰੂਰਤਾਂ ਨੂੰ ਪ੍ਰਮੁਖਤਾ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਦਿੜ੍ਹਬਾ ਵਿਖੇ ਪੱਲੇਦਾਰ ਮਜ਼ਦੂਰਾਂ ਦੀਆਂ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਪਿਛਲੇ ਇੱਕ ਸਾਲ ਦੇ ਅੰਦਰ ਅੰਦਰ 27.50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ । ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਆਜ਼ਾਦ ਪੱਲੇਦਾਰ ਯੂਨੀਅਨ ਦਿੜ੍ਹਬਾ ਵੱਲੋਂ ਕਣਕ ਦੇ ਸੀਜਨ ਦੀ ਸ਼ੁਰੂਆਤ ਮੌਕੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਜ਼ਦੂਰ ਵਰਗ ਸਖਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਮਜ਼ਦੂਰ ਭਰਾਵਾਂ ਦੀਆਂ ਸੁੱਖ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਉਦਮ ਕੀਤੇ ਜਾਣ।
ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ 7.50 ਲੱਖ ਰੁਪਏ ਦੀ ਲਾਗਤ ਨਾਲ ਸ਼ੈਡ ਬਣਵਾਇਆ ਗਿਆ ਹੈ ਜਦ ਕਿ 20 ਲੱਖ ਰੁਪਏ ਨਾਲ ਕਮਰੇ ਅਤੇ ਵਰਾਂਡੇ ਦੀ ਉਸਾਰੀ ਦੇ ਕਾਰਜ ਤੇਜੀ ਨਾਲ ਚੱਲ ਰਹੇ ਹਨ ਜੋ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਮੁਕੰਮਲ ਹੋ ਜਾਣਗੇ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪ੍ਰਸ਼ਾਸਨਿਕ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ ਅਤੇ ਜਿਵੇਂ ਹੀ ਮੰਡੀਆਂ ਵਿੱਚ ਕਣਕ ਦੀ ਆਮਦ ਹੋਵੇਗੀ ਤਾਂ ਨਾਲੋਂ ਨਾਲ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਰੋਜ਼ਾਨਾ ਦੇ ਆਧਾਰ ਤੇ ਦਿੜਬਾ ਹਲਕੇ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਟਰਾਂਸਪੋਰਟਰਾਂ ਸਮੇਤ ਹਰ ਵਰਗ ਦੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹਿਣਗੇ।
ਇਸ ਮੌਕੇ ਆਜ਼ਾਦ ਪੱਲੇਦਾਰ ਯੂਨੀਅਨ ਦਿੜਬਾ ਦੇ ਅਹੁਦੇਦਾਰਾਂ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਵੀ ਮੌਜੂਦ ਸਨ।