ਪੰਜਾਬ ਸਰਕਾਰ ਦਾ ਬਜਟ ਲੋਕਾਂ ਨਾਲ ਛਲਾਵਾ- ਕਿਸਾਨ ਆਗੂ
ਅਸ਼ੋਕ ਵਰਮਾ
ਬਠਿੰਡਾ,26 ਮਾਰਚ 2025:ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬਜਟ ਲੋਕਾਂ ਨਾਲ ਛਲਾਵਾ ਹੈ। ਇਸਤੋਂ ਵੱਧ ਕੁੱਝ ਨਹੀਂ। ਪ੍ਰੈਸ ਨੂੰ ਇਹ ਬਿਆਨ ਜਾਰੀ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ ਵਰਕਿੰਗ ਪ੍ਰਧਾਨ ਮਹਾਂਬੀਰ ਸਿੰਘ ਗਿੱਲ ਤੇ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਚੋਣਾਂ ਜਿੱਤਣ ਵੇਲੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਦੇ ਕਿਸਾਨਾਂ ਨਾਲ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ 22 ਫ਼ਸਲਾਂ ਤੇ ਐਮ ਐਸ ਪੀ ਦਿੱਤੀ ਜਾਵੇਗੀ।
ਕਿਸਾਨਾਂ ਨੂੰ ਆਪ ਸਰਕਾਰ ਆਉਣ ਤੇ ਧਰਨੇ ਨਹੀਂ ਲਾਉਣੇ ਪੈਣਗੇ। ਅੱਜ ਸਰਕਾਰ ਕਿਸਾਨਾਂ ਨੂੰ ਤਾਂ ਕੀ, ਕਿਸੇ ਵੀ ਤਬਕੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋ ਰਿਹਾ। ਕਿਸਾਨਾਂ ਤੇ ਜ਼ੁਲਮ ਕਰਕੇ ਜੇਲ੍ਹਾਂ ਵਿੱਚ ਸੁੱਟਕੇ ਸਗੋਂ ਸਰਕਾਰ ਲਲਕਾਰੇ ਮਾਰ ਰਹੀ ਹੈ। ਬਜਟ ਸਿਰਫ਼ ਘਾਲਾ ਮਾਲਾ ਹੀ ਹੈ।ਇਸ ਵਿੱਚ ਕੁੱਝ ਵੀ ਲੋਕ ਪੱਖੀ ਨਹੀਂ। ਇਸ ਕਰਕੇ 28 ਮਾਰਚ ਨੂੰ ਪੰਜਾਬ ਸਰਕਾਰ ਵਿਰੁੱਧ ਐਸ ਕੇ ਐਮ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਇਸ ਸਰਕਾਰ ਦਾ ਜ਼ਾਲਮ ਚਿਹਰਾ ਨੰਗਾ ਕੀਤਾ ਜਾਵੇਗਾ।