ਮੁਸਲਮਾਨ ਹਿੰਦੂ, ਸਿੱਖ ਭਰਾਵਾਂ ਦੇ ਨਾਲ ਮਿਲ ਬੈਠ ਕੇ ਰੋਜ਼ਾ ਇਫਤਾਰੀਆਂ ਕਰਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ
- ਰਮਜ਼ਾਨ ਦਾ ਮਹੀਨਾ ਸਾਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੰਦਾ ਹੈ - ਕਮਲ ਧਾਲੀਵਾਲ/ ਪ੍ਰਵੇਜ਼ ਖਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 21 ਮਾਰਚ 2025 - ਹਾਅ ਦੇ ਨਾਅਰੇ ਦੀ ਪਵਿੱਤਰ ਧਰਤੀ ਵੱਜੋਂ ਜਾਣੇ ਜਾਂਦੇ ਸ਼ਹਿਰ ਮਾਲੇਰਕੋਟਲਾ ਅੰਦਰ ਅੱਜ ਕੱਲ ਰਮਜ਼ਾਨ ਮਹੀਨੇ ਦੇ ਪਵਿੱਤਰ ਰੋਜ਼ਿਆਂ ਦੀਆਂ ਇਫਤਾਰ ਪਾਰਟੀਆਂ ਦਾ ਦੌਰ ਲਗਾਤਾਰ ਜਾਰੀ ਹੈ।
ਹਰ ਪਾਸੇ ਮਾਲੇਰਕੋਟਲਾ ਦੇ ਮੁਸਲਮਾਨ ਆਪਣੇ ਹਿੰਦੂ, ਸਿੱਖ ਭਰਾਵਾਂ ਦੇ ਨਾਲ ਮਿਲ ਬੈਠ ਕੇ ਰੋਜ਼ਾ ਇਫਤਾਰੀਆਂ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਵਿਦੇਸ਼ਾਂ ਦੀ ਧਰਤੀ ਅਰਮੀਨੀਆਂ 'ਚ ਕਾਮਯਾਬ ਬਿਜ਼ਨਸਮੈਨ ਬਣਕੇ ਉੱਭਰੇ ਮਾਲੇਰਕੋਟਲਾ ਦੇ ਜੰਮਪਲ ਐਨ ਆਰ ਆਈ ਪ੍ਰਵੇਜ਼ ਖਾਨ ਵੱਲੋਂ ਵੀ ਲੰਘੀ ਰਾਤ ਮਾਲੇਰਕੋਟਲਾ ਕਲੱਬ ਵਿਖੇ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ 'ਚ ਓਵਰਸੀਜ਼ ਕਾਂਗਰਸ ਯੂ ਕੇ ਦੇ ਪ੍ਰਧਾਨ ਕਮਲ ਧਾਲੀਵਾਲ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
ਪ੍ਰਵੇਜ਼ ਖਾਨ ਅਤੇ ਕਮਲ ਧਾਲੀਵਾਲ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰਮਜ਼ਾਨ ਦੇ ਮਹੀਨੇ ਨੂੰ ਬਰਕਤਾਂ ਤੇ ਰੱਬੀ ਰਹਿਮਤਾਂ ਵਾਲਾ ਪਵਿੱਤਰ ਮਹੀਨਾਂ ਦੱਸਦੇ ਹੋਏ ਕਿਹਾ ਕਿ ਮਾਲੇਰਕੋਟਲਾ ਸਮੇਤ ਦੇਸ਼ ਭਰ ਅੰਦਰ ਸਭ ਧਰਮਾਂ ਦੇ ਲੋਕਾਂ ਵੱਲੋਂ ਮਿਲ-ਜੁਲਕੇ ਕੀਤੀਆਂ ਜਾ ਰਹੀਆਂ ਇਫਤਾਰ ਪਾਰਟੀਆਂ ਸਾਨੂੰ ਇਸ ਗੱਲ ਦਾ ਸਪੱਸ਼ਟ ਸੰਕੇਤ ਦਿੰਦੀਆਂ ਹਨ ਕਿ ਇਹ ਰਮਜ਼ਾਨ ਦਾ ਪਵਿੱਤਰ ਮਹੀਨਾਂ ਸਾਡੀਆਂ ਆਪਸੀ ਭਾਈਚਾਰਕ ਸਾਂਝਾ ਨੂੰ ਹੋਰ ਮਜ਼ਬੂਤ ਬਣਾਉਣ ਵਾਲਾ ਮਹੀਨਾ ਹੈ। ਕਮਲ ਧਾਲੀਵਾਲ ਨੇ ਕਿਹਾ ਕਿ ਅੱਜ ਇਥੇ ਆਪਣੇ ਮੁਸਲਿਮ ਭਰਾਵਾਂ ਨਾਲ ਰੋਜ਼ਾ ਇਫਤਾਰੀ ਕਰਕੇ ਮੈਨੂੰ ਜਿੰਦਗੀ ਦੀ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਸ਼ਦ ਅਨਸਾਰੀ, ਤਸਲੀਮ ਮੱਲੂ ਸਾਬਕਾ ਕੌਂਸਲਰ, ਡਾਕਟਰ ਮੁਹੰਮਦ ਇਕਬਾਲ, ਅਬਰਾਰ ਹਸਨ, ਬਾਰੂ ਅਨਸਾਰੀ ਕਿਲਾ, ਸਾਹਿਬਦੀਨ ਇੰਡਸਟਰੀ ਵਾਲੇ, ਮਨਜ਼ੂਰ ਚੋਹਾਨ ਲੋਹਾ ਬਾਜ਼ਾਰ, ਨਸੀਮ ਉਰ ਰਹਿਮਾਨ, ਮੁੰਨਾ ਰਫੀ ਕੈਫੇ ਵਾਲੇ, ਮੁਹੰਮਦ ਇਮਤਿਆਜ਼, ਖਲੀਲ ਜਵੈਲਰਜ਼, ਨੰਬਰਦਾਰ ਯਾਕੂਬ ਆੜਤੀਆ, ਇਕਰਾਮ ਸੈਫੀ, ਬਾਬੂ ਆੜਤੀਆ, ਵਿੱਕੀ ਧੀਰ ਅਤੇ ਸ਼ੁਭਮ ਧੀਰ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।