ਜੁਝਾਰੂ ਤੇ ਇੰਨਕਲਾਬੀ ਕਵੀ-ਅਵਤਾਰ ਸਿੰਘ ਪਾਸ਼ ਨੂੰ ਯਾਦ ਕਰਦਿਆਂ
ਸਭ ਤੋਂ ਖਤਰਨਾਕ ਹੁੰਦਾ ਹੈ,ਸਾਡੇ ਸੁਪਨਿਆਂ ਦਾ ਮਰ ਜਾਣਾ…….
——————————————————————-
ਅਵਤਾਰ ਸਿੰਘ ਪਾਸ਼ ਇਕ ਜਝਾਰੂ ਤੇ ਇਨੰਕਲਾਬੀ ਕਵੀ ਸੀ। ਜਿਸ ਨੇ ਇੱਕ ਸਧਾਰਨ ਪਰਵਾਰ ਚ ਪੈਦਾ ਹੋ ਕੇ ਕਵਿਤਾ ਦੇ ਖੇਤਰ ਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ ਜੋ ਰਹਿੰਦੀ ਦੁਨੀਆਂ ਤੱਕ ਰਹਿਣਗੀਆਂ।ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸਲੇਮ ਦੀ ਧਰਤੀ ਤੇ ਉੱਗੇ ਇਸ ਬੂਟੇ ਨੇ ਬਹੁਤ ਸਾਰੀਆਂ ਇਨਕਲਾਬੀ ਰਚਨਾਂਵਾਂ ਦੇ ਜਰੀਏ ਲੋਕਾਂ ਦਾ ਰਾਹ ਦਸੇਰਾ ਬਣ ਮਾਰਗ ਦਰਸ਼ਨ ਕੀਤਾ।
ਅਵਤਾਰ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿਖੇ ਮੇਜਰ ਸੋਹਣ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਨਸੀਬ ਕੌਰ ਦੀ ਕੁੱਖੋਂ ਹੋਇਆ।ਉਸ ਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀ।ਜਿਸ ਤਰ੍ਹਾਂ ਹਰ ਮਾਂ-ਬਾਪ ਦੀ ਦਿਲੀ ਤਮੰਨਾ ਹੁੰਦੀ ਹੈ ਕੇ ਉਸ ਦਾ ਪੁੱਤਰ ਆਰਥਿਕ ਤੌਰ ‘ਤੇ ਸੁਰੱਖਿਅਤ ਹੋਵੇ ਤੇ ਚੰਗਾ ਪੜ੍ਹੇ,ਲਿਖੇ।ਠੀਕ ਉਸੇ ਤਰ੍ਹਾਂ ਪਾਸ਼ ਦੇ ਪਿਤਾ ਨੇ ਵੀ ਪਾਸ਼ ਨੂੰ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ ਜੂਨੀਅਨ ਟੈਕਨੀਕਲ ਸਕੂਲ ਕਪੂਰਥਲਾ ਵਿਖੇ ਪੜ੍ਹਨ ਲਾ ਦਿੱਤਾ।ਪਰ ਪਾਸ਼ ਤਾਂ ਹੋਰ ਹੀ ਵਿਚਾਰਧਾਰਾ ਦਾ ਪਾਂਧੀ ਸੀ।ਕਪੂਰਥਲੇ ਰਹਿੰਦੇ ਹੀ ਉਸ ਦਾ ਸੰਪਰਕ ਉਸ ਵੇਲੇ ਦੀ ਇਨਕਲਾਬੀ ਦੇ ਰਾਹੇ ਪੈ ਗਿਆ।ਉਸ ਨੇ ਬੀ.ਏ,. ਗਿਆਨੀ ਅਤੇ ਜੇ.ਬੀ.ਟੀ. ਕਰਨ ਉਪਰੰਤ ਕੁੱਝ ਸਮਾਂ ਪੱਤਰਕਾਰੀ ਕੀਤੀ।ਪਾਸ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲਾਗਲੇ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹ ਲਿਆ।ਪਰ ਆਰਥਿਕ ਮੁਸਕਿਲਾਂ ਅਤੇ ਰਾਜਨੀਤਿਕ ਸਰਗਰਮੀਆਂ ਦੇ ਕਾਰਨ ਇਹ ਸਕੂਲ ਬਹੁਤਾ ਚਿਰ ਨਾ ਚੱਲ ਸਕਿਆ।ਪੰਜਾਬੀ ਸਾਹਿਤ ਲਈ ਪਾਸ਼ ਇੱਕ ਸੰਜੀਦਾ ਤੇ ਜੁਝਾਰਵਾਦੀ ਕਵੀ ਹੋਇਆ ਹੈ।ਉਸ ਦੀ ਕਵਿਤਾ ਸੱਚ ਦਾ ਪ੍ਰਤੀਕ ਸੀ।ਪਾਸ਼ ਪੰਜਾਬੀ ਵਿੱਚ ਤੱਤੇ ਲਹੂ ਦੀ ਕਵਿਤਾ ਸਿਰਜਣ ਵਾਲਾ ਪ੍ਰਮੁੱਖ ਕਵੀ ਹੋਣ ਕਰਕੇ ਲੋਕਾਂ ਵਿੱਚ ਜੋਸ ਭਰਨ ਵਾਲਾ ਵਿਅਕਤੀ ਸੀ।ਉਸ ਦੀ ਕਵਿਤਾ ਝੂਠ ਦੀਆਂ ਪਰਤਾਂ ਨੂੰ ਉਧੇੜ ਕੇ ਸਾਹਮਣੇ ਲਿਆਉਣ ਵਾਲੀ ਹੋਣ ਦੇ ਨਾਲ-ਨਾਲ ਮਨੁੱਖ ਅੰਦਰ ਲੋਹੇ ਅਤੇ ਹਥਿਆਰਾਂ ਦਾ ਖੜਕਾ ‘ਤੇ ਨਵੀਂ ਚੇਤਨਾ ਭਰਨ ਵਾਲੀ ਸੀ।ਪਾਸ਼ ਨੇ ਕਾਫ਼ੀ ਕਾਵਿ-ਸੰਗ੍ਰਹਿ ਸਾਹਿਤ ਨੂੰ ਭੇਂਟ ਕੀਤੇ ਹਨ।ਜਿਨਾਂ ਚ ਲੋਹ ਕਥਾ, ਉੱਡਦਿਆਂ ਬਾਜ਼ਾਂ ਮਗਰ,, ਸਾਡੇ ਸਮਿਆਂ ਵਿੱਚ, ਖਿੱਲਰੇ ਹੋਏ ਵਰਕੇ,ਅਸੀ ਲੜਾਂਗੇ ਸਾਥੀ ਅਤੇ ਇੱਕ ਜੀਵਨੀ ਫਲਾਇੰਗ ਸਿੱਖ ਵੀ ਲਿਖੀ।ਉਸ ਦੀ ਹਰੇਕ ਕਵਿਤਾ ਵਿੱਚ ਕਲਾਤਮਕਤਾ ਭਰਪੂਰ ਹੈ।ਉਹ ਲਿਖਦਾ ਹੈ-
ਅਸੀ ਚਾਹੁੰਦੇ ਹਾਂ ਆਪਣੀ ਤਲੀ ਤੇ ਕੋਈ ਇਸ ਤਰ੍ਹਾਂ ਦਾ ਸੱਚ
ਜਿਵੇਂ ਗੁੜ ਦੀ ਪੱਤ ‘ਚ ਕਣ ਹੁੰਦਾ ਹੈ,
ਜਿਵੇਂ ਹੁੱਕੇ ‘ਚ ‘ਨਿਕੋਟੀਨ’ ਹੁੰਦੀ ਹੈ।
ਪਾਸ਼ ਦੀ ਕਵਿਤਾ ਦਾ ਕੇਂਦਰੀ ਚਰਿੱਤਰ ਸਥਾਪਤੀ ਦਾ ਵਿਰੋਧ, ਮਜਦੂਰਾਂ ਦਾ ਹੱਕ ਅਤੇ ਇਨਕਲਾਬ ਦੀ ਤਿਆਰ ਲਈ ਉਸਾਰਿਆ ਹੋਇਆ ਹੈ।ਉਹ ਆਪਣੇ ਆਲੇ-ਦੁਆਲੇ ਪ੍ਰਤੀ ਗੁੱਸੇ ਦਾ ਇਜ਼ਹਾਰ ਵੀ ਕਾਵਿਕ ਸ਼ੈਲੀ ਦੁਆਰਾ ਕਰਦਾ ਹੈ।ਜਿਸ ਕਾਰਨ ਉਸ ਦੀ ਕਾਵਿ-ਧਾਰਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਵੀ ਮੈਦਾਨ ਵਿੱਚ ਆਏ।ਆਪਣੀ ਇੱਕ ਕਵਿਤਾ ”ਇਨਕਾਰ” ਵਿੱਚ ਉਸ ਸੁਹਜਵਾਦੀ ਤੇ ਪ੍ਰਗਤੀਵਾਦੀ ਰੁਮਾਂਟਿਕਤਾ ਨੂੰ ਰੱਦ ਕਰਦਾ ਹੈ।ਜਿਸ ਦਾ ਜੀਵਨ ਦੇ ਸੱਚ ਜਾਂ ਯਥਾਰਥ ਨਾਲ ਕੋਈ ਸਰੋਕਾਰ ਨਹੀਂ ਅਤੇ ਲਿਖਦਾ ਹੈ:-
ਮੇਰੇ ਤੋ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਰਾਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜ਼ਿੰਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।
ਪਾਸ਼ ਦੇ ਪ੍ਰੇਰਨਾ ਸਰੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਨਾਇਕ ਸਨ। ਜਿਸ ਕਾਰਨ ਉਸ ਦੀਆਂ ਰਚਨਾਵਾਂ ਵੀ ਕ੍ਰਾਂਤੀਕਾਰੀ ਸੁਰ ਚ ਹਨ, ਉਹ ਲਿਖਦਾ ਹੈ:
ਜਦੋਂ ਬੰਦੂਕ ਨਾ ਹੋਈ,ਉਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ,ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਂਚ ਨਾ ਹੋਈ,ਲੜਨ ਦੀ ਲੋੜ ਹੋਵੇਗੀ
ਤੇ ਅਸੀ ਲੜਾਂਗੇ ਸਾਥ, ਕੇ ਲੜਨ ਬਾਂਝੋ ਕੁੱਝ ਵੀ ਨਹੀਂ ਮਿਲਦਾ…
1988 ਦੇ ਆਰੰਭ ਚ ਪਾਸ਼ ਅਮਰੀਕਾ ਤੋਂ ਆਪਣੇ ਵੀਜ਼ੇ ਦੇ ਨਵੀਨੀਕਰਨ ਵਾਸਤੇ ਪੰਜਾਬ ਚ ਸੀ ।ਦਿੱਲੀ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ 23 ਮਾਰਚ 1988 ਨੂੰ ਪੰਜਾਬ ਦੇ ਇਹ ਜੁਝਾਰੂ ਕਵੀ ਨੂੰ ਉਸਦੇ ਪਿੰਡ ਸਲੇਮਪੁਰ ਦੇ ਖੂਹ ਉੱਤੇ ਉਸਦੇ ਦੋਸਤ ਹੰਸ ਰਾਜ ਨਾਲ ਤਿੰਨ ਦਹਿਸ਼ਤ ਗਰਦਾਂ ਵੱਲੋਂ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ।ਉਸ ਦੀ ਮੌਤ ਨੇ ਉਸ ਨੂੰ ‘ਸ਼ਹੀਦ ਕਵੀ’ ਦਾ ਦਰਜਾ ਦੇ ਕੇ ਸਦਾ ਲਈਂ ਅਮਰ ਕਰ ਦਿੱਤਾ।ਪਾਸ਼ ਆਪਣੀ ਕਵਿਤਾ ਚ ਖੁਦ ਵੀ ਲਿਖਦਾ ਹੈ:-
”ਬੜੀ ਕੌੜੀ ਬੜੀ ਬੇਰਸ ਮੇਰੇ ਰੁਜਗਾਰ ਦੀ ਕਵਿਤਾ”
ਜੀਵਨ ਅਤੇ ਮੌਤ ਬਾਰੇ ਵੀ ਉਸ ਦੇ ਅਲੱਗ ਹੀ ਵਿਚਾਰ ਹਨ।ਮੌਤ ਬਾਰੇ ਉਹ ਲਿਖਦਾ ਹੈ:-
ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸ਼ਰ੍ਹੇਆਮ ਬੇ-ਪਰਦ ਕਰ ਦੇਣਾ।
ਪਾਸ਼ ਦੀਆਂ ਬੋਲੀਆਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆ ਵਿਖਾਈ ਦਿੰਦਿਆਂ ਹਨ।
ਮੀਹ ਮੰਗਿਆ ਤੋਂ ਮੀਹ ਨਾ ਮਿਲਦਾ
ਸੁੱਕੀਆਂ ਸੜਨ ਜ਼ਮੀਨਾ ।
ਤੇਲ ਦੇ ਘਾਟੇ ਇੰਜਣ ਖੜ ਗਏ
ਕੰਮ ਨਾ ਆਉਣ ਮਸ਼ੀਨਾ ।
ਤੂੜੀ ਖਾਂਦੇ ਡੱਗੇ ਹਾਰ ਗਏ
ਗੱਭਰੂ ਲੱਗ ਗਏ ਫ਼ੀਮਾ ।
ਮੜਕ ਤੇਰੀ ਨੂੰ ਕੌਣ ਖਾ ਗਿਆ
ਚੋਬਰ ਜੱਟ ਸ਼ਕੀਨਾ।
ਪਾਸ਼ ਦੀ ਮੌਤ ਮਗਰੋਂ ਉਸਦੀਆਂ ਕੁਝ ਪ੍ਰਕਾਸ਼ਤ ਅਤੇ ਅਣ ਪ੍ਰਕਾਸ਼ਤ ਰਚਨਾਵਾਂ ਵੀ ਮਿਲੀਆਂ ਹਨ।ਜੋ ਇਸ ਪ੍ਰਕਾਰ ਹਨ।ਪਾਸ਼ ਦੀਆਂ ਚਿੱਠੀਆਂ,ਪਾਸ਼ ਦੀ ਡਾਇਰੀ (ਅਣਪ੍ਰਕਾਸ਼ਤ )ਢਾਣੀ ਰਜਿਸਟਰ (ਅਣਪ੍ਰਕਾਸ਼ਿਤ )ਪਿਤਾ ਵੱਲੋਂ ਖ਼ਤ (ਅਣਪ੍ਰਕਾਸ਼ਿਤ), ਭੈਣ ਵੱਲੋਂ ਖ਼ਤ ( ਅਣਪ੍ਰਕਾਸ਼ਿਤ )ਖਿਲਰੇ ਹੋਏ ਵਰਕੇ (ਕਾਵਿ ਸੰਗ੍ਰਹਿ ),ਇਸ ਤੋ ਇਲਾਵਾ ਪਾਸ਼ ਨੇ ਰੋਹੀਲੇ ਬਾਣ,ਸਿਆੜ,ਐਂਟੀ 47 ਪਰਚੇ ਵੀ ਕੱਢੇ।
-----------
ਲੈਕਚਰਾਰ ਅਜੀਤ ਖੰਨਾ
ਮੋਬਾਇਲ:76967-54668

-
ਅਜੀਤ ਖੰਨਾ, ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.