ਇੰਟਰਨੈੱਟ ਅਤੇ ਸੁਰੱਖਿਆ
ਵਿਜੈ ਗਰਗ
ਅੱਜ ਦਾ ਯੁੱਗ ਤਕਨੀਕੀ ਯੁੱਗ ਹੈ, ਹਰ ਖੇਤਰ ਵਿੱਚ ਵਿਕਾਸ ਹੋ ਰਹੇ ਹਨ। ਵਿਕਾਸ ਦਾ ਮੁੱਖ ਤੌਰ ਤੇ ਸਿਹਰਾ ਤਕਨੀਕ ਅਤੇ ਵਿਗਆਨ ਨੂੰ ਹੀ ਜਾਂਦਾਂ ਹੈ। ਜਦੋਂ ਗੁਜ਼ਰੇ ਵਕਤ ਵੱੱਲ ਧਿਆਨ ਮਾਰੀਏ ਤਾਂ ਯਾਦ ਆਉਦਾਂ ਹੈ, ਪਹਿਲਾਂ ਕਿਸੇ ਆਪਣੇ ਬਹੁਤ ਹੀ ਨਜ਼ਦੀਕੀ ਦੀ ਸੁਖ ਸਾਂਦ ਪੁੱਛਣ ਲਈ ਚਿੱਠੀਆਂ ਪਾਈਆਂ ਜਾਂਦੀਆਂ ਸਨ, ਜਦੋਂ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਅਵਾਜ਼ ਸੁਣਨੀ ਤਾਂ ਹਰ ਸੁਆਣੀ ਨੂੰ ਆਪਣੇ ਨਿਗਦਿਆਂ ਦਾ ਚੇਤਾ ਆ ਜਾਂਦਾ ਖੋਰੇ ਉਸ ਦੀ ਵੀ ਕੋਈ ਚਿੱਠੀ ਆਈ ਹੋਉ। ਸਾਡੇ ਵੇਖਦਿਆਂ ਵੇਖਦਿਆਂ ਸਮਾਂ ਬਦਲਿਆ ਤਾਂ ਪਿੰਡਾਂ ਵਿੱਚ ਪੀ. ਸੀ. ਓ ਖੁੱਲ ਗਏ। ਪਿੰਡ ਦੇ ਹਰ ਬੰਦੇ ਨੇ ਆਪਣੇ ਰਿਸ਼ਤੇਦਾਰਾਂ ਵਿੱਚ ਪੀ. ਸੀ. ਓ ਵਾਲਿਆਂ ਦਾ ਨੰਬਰ ਘੁਮਾਇਆ ਹੁੰਦਾ ਸੀ। ਆਉਦੇਂ ਜਾਂਦੇ ਲੋਕ ਪੁੱਛਦੇ ਰਹਿੰਦੇ ਕਿ ਉਹਨਾਂ ਦਾ ਕੋਈ ਫੋਨ ਤਾਂ ਨਹੀਂ ਆਇਆ। ਇਸ ਤੋਂ ਬਾਅਦ ਤਕਨੀਕ ਵਿੱਚ ਹੋਰ ਵਿਕਾਸ ਹੋਇਆ ਤਾਂ ਬਹੁਤੇ ਪੜੇ ਲਿਖੇ ਤੇ ਸਰਮਾਏਦਾਰਾਂ ਨੇ ਆਪਣੇ ਘਰਾਂ ਵਿੱਚ ਲੈਂਡਲਾਈਨ ਫੋਨ ਲਗਵਾ ਲਏ, ਇਸੇ ਤਰ੍ਹਾਂ ਸੰਚਾਰ ਦੇ ਸਾਧਨਾਂ ਦੀ ਪੀੜੀ ਵੱਧਦੀ ਗਈ ਅਤੇ ਨਵੀ ਪੀੜੀ ਮੋਬਾਈਲ ਫੋਨਾਂ ਦੀ ਆ ਗਈ । ਹੋਲੀ ਹੋਲੀ ਮੋਬਾਇਲ ਫੋਨਾਂ ਦੀਆਂ ਤਕਨੀਕਾਂ ਵਿੱਚ ਏਨਾ ਕੁ ਵਾਧਾ ਹੋਇਆ ਕਿ ਆਏ ਦਿਨ ਨਵੀਂ ਕਿਸਮ ਦੇ ਮੋਬਾਇਲ ਫੋਨ ਬਜ਼ਾਰ ਵਿੱਚ ਆਉਣ ਲੱਗੇ। ਸਮਾਂ ਲੰਘਦਾ ਗਿਆ ਤੇ ਸੰਚਾਰ ਅਤੇ ਤਕਨੀਕ ਦਾ ਏਨਾ ਕੁ ਵਿਕਾਸ ਹੋਇਆ ਕਿ ਇੰਟਰਨੈੱਟ ਦੀ ਮਦਦ ਨਾਲ ਮੋਬਾਇਲ ਫੋਨਾਂ ਨੇ ਜਿੱਥੇ ਸੰਚਾਰ ਨੂੰ ਬਹੁਤ ਅਸਾਨ ਬਣਾ ਦਿੱਤਾ ਉੱਥੇ ਕੰਪਿਊਟਰ ਦੇ ਸਾਰੇ ਕੰਮ ਮੋਬਾਇਲ ਫੋਨਾਂ ਤੇ ਹੋਣ ਲੱਗ ਪਏ ਹਨ। ਮੋਜੂਦਾ ਸਮੇਂ ਵਿੱਚ ਮੋਬਾਇਲ ਫੋਨਾਂ ਅਤੇ ਇੰਟਰਨੈੱਟ ਦੀ ਵਰਤੋਂ ਦਾ ਪੱਧਰ ਏਨਾ ਵੱਧ ਗਿਆ ਹੈ, ਬੱਚੇ ਤੋਂ ਲੈਕੇ ਬਜ਼ੁਰਗਾਂ ਤੱਕ ਇਸ ਦੇ ਇੱਕ ਨਸ਼ੇ ਵਾਂਗਰਾਂ ਆਦੀ ਹੋ ਚੁੱਕੇ ਹਨ, ਮੋਬਾਇਲ ਬਿਨਾ ਹਰ ਵਰਗ ਦੇ ਵਿਅਕਤੀ ਦਾ ਇੱਕ ਦਿਨ ਬਿਤਾਉਣਾ ਅੋਖਾ ਹੋ ਗਿਆ ਹੈ। ਮੁਕਦੀ ਗੱਲ ਕਿ ਇੰਟਰਨੈੱਟ ਅਤੇ ਮੋਬਾਇਲ ਫੋਨ ਅੱਜ ਦੇ ਸਮੇਂ ਦੀਆਂ ਮੁੱਖ ਲੋੜਾਂ ਵਿੱਚੋਂ ਇੱਕ ਹੈ।
ਜਿੱਥੇ ਇੰਟਰਨੈੱਟ ਵਰਗੀ ਸੁਵਿਧਾ ਨੇ ਮਨੁੱਖੀ ਜੀਵਨ ਨੂੰ ਬਹੁਤ ਸਾਰੇ ਲਾਭ ਪੁੰਹਚਾਏ, ਉੱਥੇ ਹੀ ਹਰ ਵਿਅਕਤੀ ਦੇ ਨਿੱਜੀ ਡਾਟੇ ਦੀ ਸੁਰੱਖਿਆ ਪ੍ਰਤੀ ਕੁਝ ਸ਼ੰਕੇ ਵੀ ਪੈਦਾ ਕੀਤੇ। ਅੱਜ ਦੀ ਅਧੁਨਿਕ ਯੁੱਗ ਵਿੱਚ ਹਰ ਵਿਅਕਤੀ ਆਮ ਹੀ ਆਪਣੀਆਂ ਤਸਵੀਰਾਂ, ਵੀਡੀਓਜ਼ ਆਦਿ ਸ਼ੋਸ਼ਲ ਮੀਡੀਆ ਉੱਪਰ ਅਪਲੋਡ ਕਰਦੇ ਹਨ।ਪਰ ਕਈ ਸ਼ਰਾਰਤੀ ਅਨਸਰਾਂ ਦੁਆਰਾ ਕਿਸੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖਾਸ ਕਰ ਲੜਕੀਆਂ ਦੀਆਂ ਤਸਵੀਰਾਂ ਦਾ ਦੁਰਉਪਯੋਗ ਕੀਤਾ ਜਾਂਦਾ ਹੈ । ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਕੁਝ ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਹਰਕਤਾਂ ਨਾਲ ਕਈ ਵਾਰ ਲੜਕੀ ਅਤੇ ਲੜਕੀ ਦੇ ਪਰਿਵਾਰ ਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਅਤੇ ਕਈ ਵਾਰ ਮਾਮਲਾ ਆਤਮ ਹੱਤਿਆ ਤੱਕ ਵੀ ਪਹੁੰਚ ਜਾਂਦਾ ਹੈ।
ਇਸ ਤੋਂ ਇਲਾਵਾ ਸਾਈਬਰ ਦੇ ਖੇਤਰ ਵਿੱਚ ਆਰਥਿਕ ਠੱਗੀਆਂ, ਵਿੱਤੀ ਠੱਗੀਆਂ ਦੀਆਂ ਖਬਰਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ। ਬਹੁਤ ਸਾਰੇ ਸਾਈਬਰ ਲੁਟੇਰੇ ਦਿਮਾਗੀ ਖੇਡ ਰਾਹੀਂ ਕਰੋੜਾਂ ਰੁਪਇਆ ਦੇ ਕਾਰੋਬਾਰਾਂ ਨੂੰ ਆਪਣੇ ਲਪੇਟ ਵਿੱਚ ਲੈ ਲੈਂਦੇ ਹਨ।
ਹੁਣ ਏਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਬੜੇ ਹੀ ਸਾਫ ਸੁਥਰੇ ਤਰੀਕੇ ਨਾਲ ਹੋਣ ਵਾਲੀਆਂ ਠੱਗੀਆਂ ਉਪਰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ।
ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਸ ਦਾ ਹੱਲ ਕੇਵਲ ਦੋ ਹੱਥਾਂ ਵਿੱਚ ਹੀ ਹੈ। ਇੱਕ ਤਾਂ ਲੋਕ ਖੁਦ ਅਤੇ ਦੂਸਰਾ ਸਰਕਾਰਾਂ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਨਿੱਜੀ ਡਾਟੇ ਨੂੰ ਗੁਪਤ ਰੱਖਿਆ ਜਾਵੇ, ਜੇਕਰ ਸ਼ੋਸ਼ਲ ਮੀਡੀਆ ਉੱਪਰ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ ਤਾਂ ਯਕੀਨੀ ਬਣਾਇਆ ਜਾਵੇ ਕਿ ਕੋਈ ਤੁਹਾਡੀਆਂ ਤਸਵੀਰਾਂ ਦੀ ਗਲਤ ਵਰਤੋਂ ਨਾ ਕਰੇ। ਇਸ ਤੋਂ ਇਲਾਵਾ ਜੇਕਰ ਤੁਸੀਂ ਈ ਬੈਕਿੰਗ ਵਰਗੀਆਂ ਸੁਵਿਧਾਵਾਂ ਵੀ ਫੋਨ ਤੋ ਲੈ ਰਹੇ ਹੋ ਤਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਤੁਹਾਡੇ ਬੈਂਕ ਦੇ ਖਾਤਿਆਂ ਦੀ ਜਾਣਕਾਰੀ ਅਤੇ ਡੈਬਿਟ ਜਾਂ ਕਰੈਡਿਟ ਕਾਰਡ ਦੇ ਪਾਸਵਰਡ ਕਿਸੇ ਨਾਲ ਵੀ ਸਾਂਝੇ ਨਾ ਕੀਤੇ ਜਾਣ।
ਇਸ ਤੋਂ ਇਲਾਵਾ ਸਰਕਾਰਾਂ ਵਲੋਂ ਵੀ ਸਾਈਬਰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ, ਸਾਈਬਰ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਲੋਕਾਂ ਦੇ ਨਿੱਜੀ ਡਾਟੇ ਦੀ ਸੱਰੁਖਿਆ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕ ਤਕਨੀਕੀ ਸੁਵਿਧਾਵਾਂ ਦਾ ਲਾਭ ਬਿਨਾ ਕਿਸੇ ਡਰ ਤੋਂ ਅਤੇ ਆਪਣੀ ਸੁਰਖਿਆ ਨੂੰ ਯਕੀਨੀ ਬਣਾਉਦੇ ਹੋਏ ਲੈ ਸਕਣ।

-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਵੀਸ਼ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.