ਲਿਬਰੇਸ਼ਨ ਵੱਲੋਂ ਕਿਸਾਨ ਅੰਦੋਲਨ 'ਤੇ ਹਕੂਮਤੀ ਹਮਲੇ ਦੀ ਨਿਖੇਧੀ -ਗ੍ਰਿਫਤਾਰ ਕਿਸਾਨ ਰਿਹਾ ਕਰਨ ਦੀ ਮੰਗ
ਅਸ਼ੋਕ ਵਰਮਾ
ਮਾਨਸਾ, 20 ਮਾਰਚ 2025: ਸੀਪੀਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਸਰਕਾਰ ਵਲੋਂ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਲਈ ਚੰਡੀਗੜ੍ਹ ਬੁਲਾਏ ਕਿਸਾਨ ਆਗੂਆਂ ਨੂੰ ਵਾਪਸੀ ਤੇ ਗ੍ਰਿਫਤਾਰ ਕਰਨ ਅਤੇ ਬੀਤੇ 400 ਦਿਨ ਤੋਂ ਜਾਰੀ ਕਿਸਾਨ ਮੋਰਚਿਆਂ ਖਿਲਾਫ ਵੱਡਾ ਪੁਲਿਸ ਐਕਸ਼ਨ ਕਰਕੇ ਉਥੇ ਹਾਜ਼ਰ ਕਿਸਾਨਾਂ ਨੂੰ ਫੜਨ ਅਤੇ ਉਨ੍ਹਾਂ ਦੇ ਸਾਜ਼ੋ ਸਾਮਾਨ ਨੂੰ ਬੁਲਡੋਜ਼ਰਾਂ ਨਾਲ ਨਸ਼ਟ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਗ੍ਰਿਫਤਾਰ ਕੀਤੇ ਕਿਸਾਨ ਆਗੂ ਅਤੇ ਕਿਸਾਨ ਰਿਹਾ ਕਰਨ ਦੀ ਮੰਗ ਕੀਤੀ ਹੈ।ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਜਰੀਵਾਲ ਦੇ ਰਾਜ ਸਭਾ ਵਿੱਚ ਜਾਣ ਦਾ ਰਾਹ ਪੱਧਰਾ ਕਰਨ ਵਾਸਤੇ ਵਿਧਾਨ ਸਭਾ ਹਲਕਾ ਲੁਧਿਆਣਾ ਦੀ ਉਪ ਚੋਣ ਜਿੱਤਣ ਲਈ ਭਗਵੰਤ ਮਾਨ ਨੇ ਉਦਯੋਗਪਤੀਆਂ ਤੇ ਵੱਡੇ ਵਪਾਰੀਆਂ ਨੂੰ ਖੁਸ਼ ਕਰਨ ਲਈ ਕਿਸਾਨ ਸੰਘਰਸ਼ ਉਤੇ ਹਮਲੇ ਦਾ ਜੋ ਜੂਆ ਖੇਡਿਆ ਹੈ, ਇਹ ਨਿਕਟ ਭਵਿੱਖ ਵਿੱਚ ਆਮ ਆਦਮੀ ਪਾਰਟੀ ਤੇ ਪਲਟਵਾਰ ਕਰੇਗਾ।
ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਬੀਜੇਪੀ ਦੇ ਹਰਿਆਣਾ ਮਾਡਲ ਦੀ ਨਕਲ ਕਰਦਿਆਂ ਕੇਜਰੀਵਾਲ ਦੀ ਹਿਦਾਇਤ 'ਤੇ ਮਾਨ ਵਲੋਂ ਪੰਜਾਬ ਵਿੱਚ ਕਿਸਾਨੀ ਨੂੰ ਨਿਖੇੜਨ ਅਤੇ ਸੂਬੇ ਦੇ ਹਿੰਦੂ ਤੇ ਦਲਿਤ ਭਾਈਚਾਰੇ ਨੂੰ ਆਪਣੇ ਪਿੱਛੇ ਲਾਮਬੰਦ ਕਰਕੇ ਅਗਲੀ ਚੋਣ ਜਿੱਤਣ ਲਈ ਜੋ ਘਾਤਕ ਚਾਲ ਚੱਲੀ ਜਾ ਰਹੀ ਹੈ, ਇਹ ਪੰਜਾਬ ਨੂੰ ਮੁੜ ਇਕ ਵੱਡੇ ਟਕਰਾਅ ਵੱਲ ਧੱਕ ਸਕਦੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨੀ ਦੀਆਂ ਅਹਿਮ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨਾ ਕਿਸਾਨ ਜਥੇਬੰਦੀਆਂ ਦਾ ਜਮਹੂਰੀ ਹੱਕ ਹੈ, ਪਰ ਮੋਦੀ ਸਰਕਾਰ ਅਤੇ ਮਾਨ ਸਰਕਾਰ ਵਲੋਂ ਅਖਤਿਆਰ ਕੀਤੇ ਹਮਲਾਵਰ ਰੁਖ਼ ਦਾ ਟਾਕਰਾ ਕਰਨ ਲਈ ਦੇਸ਼ ਭਰ ਦੇ ਕਿਸਾਨ ਸੰਗਠਨਾਂ ਦੀ ਏਕਤਾ ਇਕ ਫੌਰੀ ਅਜੰਡਾ ਬਣ ਗਈ ਹੈ, ਸੋ ਐਸਕੇਐਮ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਇਸ ਬਾਰੇ ਤੁਰੰਤ ਤੇ ਬਿਨਾਂ ਸ਼ਰਤ ਹੁੰਗਾਰਾ ਭਰਨਾ ਚਾਹੀਦਾ ਹੈ।