ਸਰਕਾਰੀ ਕਾਲਜ ਦੀ ਕੰਪਿਊਟਰ ਲੈਬ ਵਿੱਚੋਂ ਕੰਪਿਊਟਰ ਅਤੇ ਐਲਈਡੀ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ 20 ਮਾਰਚ ਜਿੱਥੇ ਇੱਕ ਪਾਸੇ ਪੁਲਿਸ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਨਸ਼ੇ ਦੇ ਸੌਦਾਗਰਾਂ ਤੇ ਸ਼ਿਕੰਜਾ ਕਸਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਸੂਬੇ ਵਿੱਚ ਚੋਰੀਆਂ ਦਾ ਸਿਲਸਿਲਾ ਵੀ ਚੱਲ ਨਿਕਲਿਆ ਹੈ। ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਚੋਰੀ ਦੀ ਘਟਨਾ ਸਰਕਾਰੀ ਕਾਲਜ ਵਿਖੇ ਵਾਪਰੀ ਹੈ ਜਿੱਥੇ ਸੀ ਐਮ ਸੀ ਕੰਪਿਊਟਰ ਲੈਬ ਵਿੱਚ ਬੀਤੀ ਰਾਤ ਚੋਰਾਂ ਨੇ ਬਾਹਰ ਦੀ ਜਾਲੀ ਕੱਟੀ ਅਤੇ ਸ਼ੀਸ਼ਾ ਤੋੜ ਦਿੱਤਾ ।ਸ਼ੀਸ਼ਾ ਤੋੜਨ ਤੋਂ ਬਾਅਦ ਗਰਿਲ ਕੱਟ ਕੇ ਚੋਰ ਕੰਪਿਊਟਰ ਲੈਬ ਵਿੱਚ ਵੜੇ ਅਤੇ ਲੈਬ ਦੇ ਅੰਦਰੋਂ 4 ਐਲ ਈ ਡੀ, 4 ਸੀ ਪੀ ਯੂ, 2 ਕੀ ਬੋਰਡ ਅਤੇ 1 ਪ੍ਰਿੰਟਰ ਚੋਰੀ ਕਰਕੇ ਲੈ ਗਏ ।
ਸਰਕਾਰੀ ਕਾਲਜ ਗੁਰਦਾਸਪੁਰ ਦੀ ਪ੍ਰਿੰਸੀਪਲ ਡਾਕਟਰ ਰੋਮੀ ਅਰੋੜਾ ਤੇ ਵਾਈਸ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਪੁਲਿਸ ਵੱਲੋਂ ਕਾਲਜ ਦੀ ਵਿੱਚ ਆ ਕੇ ਮੌਕਾ ਵੀ ਵੇਖਿਆ ਗਿਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਉੱਥੇ ਹੀ ਸਰਕਾਰੀ ਕਾਲਜ ਵਿੱਚ ਲਗਾਤਾਰ ਸੈਰ ਕਰਨ ਆਉਣ ਵਾਲੇ ਲੋਕਾਂ ਨੇ ਦੱਸਿਆ ਕਿ ਦੇਰ ਸ਼ਾਮ ਕਾਲਜ ਵਿੱਚ ਕੁਝ ਨਸ਼ੇੜੀ ਕਿਸਮ ਦੇ ਸ਼ੱਕੀ ਨੌਜਵਾਨਾਂ ਦੀ ਆਮਦ ਲਗਾਤਾਰ ਵੱਧ ਰਹੀ ਹੈ ਅਤੇ ਨੌਜਵਾਨ ਕਾਲਜ ਦੀ ਪਿੱਛੇ ਗਰਾਊਂਡ ਵਿੱਚ ਦੇਰ ਰਾਤ ਤੱਕ ਘੁੰਮਦੇ ਰਹਿੰਦੇ ਹਨ।