ਵਿਧਾਇਕ ਫਾਜ਼ਿਲਕਾ ਨੇ ਦਾਖਲਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਕਿਹਾ, ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ 486 ਸਕੂਲਾਂ ਵਿੱਚ ਕਮਰੇ ਬਣਾਉਣ ਦੇ ਨਾਲ ਨਾਲ ਇੰਟਰੈਕਟਿਵ ਪੈਨਲ ਵੀ ਲਗਾ ਕੇ ਦਿੱਤੇ
ਜਾਗਰੂਕਤਾ ਵੈਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਕਰਵਾਉਣ ਲਈ ਜਾਗਰੂਕ ਕਰੇਗੀ-ਡਿਪਟੀ ਡੀਈਓ ਪੰਕਜ ਅੰਗੀ
ਫਾਜ਼ਿਲਕਾ 20 ਮਾਰਚ 2025 :
ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਹੋਰ ਉੱਚਾ ਚੁੱਕਣ ਲਈ ਸਿਰਤੋੜ ਯਤਨ ਕਰ ਰਹੀ ਹੈ ਤੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਵੀ ਵਿਕਾਸ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਜਿੱਥੇ ਨਵੇਂ ਕਲਾਸ ਰੂਮ, ਬਾਊਂਡਰੀ ਵਾਲ, ਪਾਰਕ, ਬਾਥਰੂਮ ਤੇ ਸਾਫ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਇੰਟਰੈਕਟਿਵ ਪੈਨਲ ਵੀ ਲਗਾਏ ਗਏ ਹਨ। ਇਹ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰ.3 ਫਾਜ਼ਿਲਕਾ ਵਿਖੇ ਸੈਸ਼ਨ 2025-26 ਲਈ ਦਾਖਲਾ ਮੁਹਿੰਮ ਬਾਰੇ ਸਿੱਖਿਆ ਵਿਭਾਗ ਦੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇਣ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਸਕੂਲ ਵਿੱਚ 2 ਨਵੇਂ ਕਮਰਿਆਂ ਦਾ ਉਦਘਾਟਨ ਕੀਤਾ ਤੇ ਕੁੱਝ ਨਵੇਂ ਬੱਚਿਆਂ ਦਾ ਦਾਖ਼ਲਾ ਕਰਕੇ ਮੁਹਿੰਮ ਨੂੰ ਹੋਰ ਅੱਗੇ ਤੋਰਿਆ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਖੁਸ਼ੀ ਸਾਵਨਸੁੱਖਾ ਸਵਨਾ, ਡਿਪਟੀ ਡੀਈਓ (ਸੈ.ਸਿ) ਸ੍ਰੀ. ਪੰਕਜ ਅੰਗੀ ਅਤੇ ਨਵ ਨਿਯੁਕਤ ਜ਼ਿਲ੍ਹਾ ਫਾਜ਼ਿਲਕਾ ਦੇ ਸਿੱਖਿਆ ਕੁਆਰਡੀਨੇਟਰ ਸੁਰਿੰਦਰ ਕੰਬੋਜ ਅਤੇ ਸਕੂਲ ਹੈੱਡ ਟੀਚਰ ਰਚਨਾ ਸੇਠੀ ਵੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮਾਣਯੋਗ ਸਿੱਖਿਆ ਸਕੱਤਰ ਪੰਜਾਬ ਵੱਲੋਂ ਸਿੱਖਿਆ ਦੇ ਖੇਤਰ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸੂਬੇ ਦੇ ਸਰਕਾਰੀ ਸਕੂਲਾਂ ਤੋਂ 6 ਹਜ਼ਾਰ ਕਮਰਿਆਂ ਸਮੇਤ ਫਰਨੀਚਰ ਲਈ ਗ੍ਰਾਂਟ ਦੀ ਡਿਮਾਂਡ ਮੰਗੀ ਸੀ ਤੇ ਆਪਣੇ ਫਾਜ਼ਿਲਕਾ ਜ਼ਿਲ੍ਹੇ ਵੱਲੋਂ 486 ਕਮਰਿਆਂ ਦੀ ਡਿਮਾਂਡ ਕੀਤੀ ਗਈ ਸੀ ਜੋ ਕਿ ਸਰਕਾਰ ਵੱਲੋਂ ਤਿਆਰ ਕਰਵਾ ਦਿੱਤੇ ਗਏ ਹਨ ਤੇ ਇਸ ਤੋਂ ਇਲਾਵਾ ਇੱਥੇ ਇੰਟਰੈਕਟਿਵ ਪੈਨਲ ਵੀ ਲਗਾਏ ਗਏ ਹਨ ਜੋ ਬੱਚਿਆਂ ਨੂੰ ਡਿਜੀਟਲ ਕੰਮ ਕਰਨ ਦੀ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਭਗ 900 ਨਵੇਂ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ ਤੇ 102 ਨਵੇਂ ਅਧਿਆਪਕ ਫਾਜ਼ਿਲਕਾ ਜ਼ਿਲ੍ਹੇ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਵਿੱਚ ਹੁਣ ਤੱਕ ਭਰਤੀ ਅਧਿਆਪਕਾਂ ਵਿਚੋਂ ਜ਼ਿਆਦਾਤਰ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਹਨ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੀ ਗਈ ਹੈ ਉਸ ਵਿੱਚ ਕਾਫ਼ੀ ਬੱਚੇ ਫਾਜ਼ਿਲਕਾ ਦੇ ਹੀ ਹਨ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਤੁਹਾਨੂੰ ਆਪਣੇ ਘਰੇਲੂ ਜੀਵਨ ਵਿੱਚ ਪੜ੍ਹਾਈ ਨੂੰ ਲੈ ਕੇ ਜਾਂ ਕੋਈ ਵੀ ਹੋਰ ਸਮੱਸਿਆ ਆਉਂਦੀ ਹੈ ਤਾਂ ਬੇਝਿਜਕ ਹੋ ਕੇ ਆਪਣੇ ਅਧਿਆਪਕਾਂ ਨੂੰ ਦੱਸਣ ਤੇ ਅਧਿਆਪਕ ਅੱਗੇ ਸਾਨੂੰ ਦੱਸਣਗੇ ਤੇ ਅਸੀਂ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਾਂਗੇ। ਵਿਧਾਇਕ ਦੀ ਧਰਮਪਤਨੀ ਸ੍ਰੀਮਤੀ ਖੁਸ਼ੀ ਸਵਨਾ ਸਾਵਨਸੁੱਖਾ ਨੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਤੁਸੀਂ ਵੀ ਮਨ ਲਗਾ ਕੇ ਪੜ੍ਹਾਈ ਕਰੋ ਤੇ ਅਧਿਆਪਕ, ਇੰਜੀਨੀਅਰ, ਡਾਕਟਰ ਤੇ ਉੱਚ ਅਫਸਰ ਬਣਕੇ ਆਪਣੇ ਜ਼ਿਲ੍ਹੇ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੋ।
ਡਿਪਟੀ ਡੀਈਓ (ਸੈ.ਸਿ) ਸ੍ਰੀ. ਪੰਕਜ ਅੰਗੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆਂ ਦੇ ਖੇਤਰ ਵਿੱਚ ਹੁਣ ਕੁਝ ਨਿਵੇਕਲੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜਿਵੇਂ ਕਿ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦਾਖਲੇ ਲਈ ਜੋ ਜਾਗਰੂਕਤਾ ਵੈਨ ਚਲਾਈ ਗਈ ਹੈ ਜੋ ਕਿ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਕਰਵਾਉਣ ਲਈ ਜਾਗਰੂਕ ਕਰੇਗੀ ਅਤੇ ਸਰਕਾਰੀ ਸਕੂਲ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਵੀ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਵੈਨ ਫਾਜ਼ਿਲਕਾ ਦੇ ਵੱਖ-ਵੱਖ ਇਲਾਕਿਆਂ ਵਿੱਚ ਰੁਕਦੀ ਹੋਈ ਜਲਾਲਾਬਾਦ ਪਹੁੰਚੇ ਤੇ ਉੱਥੇ ਵੀ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਪੜ੍ਹਾਈ ਬਾਰੇ ਜਾਗਰੂਕ ਕਰੇਗੀ। ਉਨ੍ਹਾਂ ਕਿਹਾ ਕਿ ਇਹ ਦਾਖਲਾ ਮੁਹਿੰਮ ਇਤਿਹਾਸਿਕ ਮੁਹਿੰਮ ਹੈ ਤੇ ਇਯ ਸਕੂਲ ਵਿੱਚ 400 ਤੋਂ ਵੱਧ ਬੱਚੇ ਪੜ੍ਹ ਰਹੇ ਹਨ। ਉਮੀਦ ਹੈ ਕਿ ਹੁਣ ਦਾਖ਼ਲਾ ਮੁਹਿੰਮ ਨੂੰ ਹੋਰ ਹੁੰਗਾਰਾ ਮਿਲੇਗਾ ਅਤੇ ਮਾਪੇ ਆਪਣੇ ਬੱਚਿਆਂ ਨੂੰ ਅੱਗੇ ਹੋ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਲਈ ਦਾਖਲ ਕਰਵਾਉਣਗੇ। ਅੰਤ ਵਿੱਚ ਉਨ੍ਹਾਂ ਸਕੂਲ ਦੀ ਵਿਧਾਇਕ ਸਵਨਾ ਤੇ ਉਨ੍ਹਾਂ ਦੀ ਧਰਮਪਤੀ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਦਾਖ਼ਲਾ ਮੁਹਿੰਮ ਪ੍ਰੋਗਰਾਮ ਦੌਰਾਨ ਸਭ ਤੋਂ ਪਹਿਲਾ ਬੱਚਿਆਂ ਨੇ ਸਵਾਗਤਮ ਗੀਤ ਰਾਹੀਂ ਵਿਧਾਇਕ ਦਾ ਧੰਨਵਾਦ ਕੀਤਾ ਤੇ ਫਿਰ ਨੰਨ੍ਹੇ ਮੁੰਨ੍ਹੇ ਬੱਚੇ ਨੇ ਗਾਣਾ ਗਾ ਕੇ ਸਮੂਹ ਹਾਜ਼ਰੀਨ ਦਾ ਮਨ ਮੋਹਿਆ। ਇਸ ਮੌਕੇ ਵਿਸਾਲ ਵੱਲੋਂ ਡਾਂਸ ਤੇ ਇੱਕ ਹੋਰ ਸਕੂਲੀ ਲੜਕੀ ਵੱਲੋਂ ਰਿਡਮਿਕ ਜਿੰਮਨੈਸਟਿਕ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਡਿਪਟੀ ਡੀਈਓ ਪ੍ਰਾਇਮਰੀ ਪਰਵਿੰਦਰ ਸਿੰਘ, ਬੀਪੀਈਓ ਫਾਜ਼ਿਲਕਾ ਬਲਾਕ-2 ਪ੍ਰਮੋਦ ਤੋਂ ਇਲਾਵਾ ਸਕੂਲੀ ਬੱਚੇ ਤੇ ਸਕੂਲ ਸਟਾਫ ਵੀ ਹਾਜ਼ਰ ਸੀ।