ਮੁੜ ਤੋਂ ਡੀਸੀ ਦਫਤਰਾਂ ਮੂਹਰੇ ਲੱਗੇਗਾ ਕਿਸਾਨਾਂ ਦਾ ਪੱਕਾ ਮੋਰਚਾ
ਰੋਹਿਤ ਗੁਪਤਾ
ਗੁਰਦਾਸਪੁਰ, 16 ਮਾਰਚ 2025 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋ ਕਸਬਾ ਦੋਰਾਂਗਲਾ ਦੇ ਇੱਕ ਪੈਲਸ ਵਿੱਚ ਮੀਟਿੰਗ ਕਰਕੇ ਕੱਲ ਯਾਨੀ 17 ਮਾਰਚ ਨੂੰ ਡੀ ਸੀ ਦਫ਼ਤਰ ਮੂਹਰੇ ਲਗਾਏ ਜਾਣ ਵਾਲੇ ਪੱਕੇ ਮੋਰਚੇ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਪਿਛਲੇ ਦਿਨੀ ਪਿੰਡ ਨੰਗਲ ਝੌਰ ਵਿਖੇ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਹੋਈ ਝੜਪ ਤੋਂ ਬਾਅਦ ਕਈ ਕਿਸਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ । ਪ੍ਰਸਾਸਨਿਕ ਅਧਿਕਾਰੀ ਪੁਲਿਸ ਬਲ ਦੇ ਨਾਲ ਇੱਥੇ ਜਮੀਨਾਂ ਦਾ ਕਬਜ਼ਾ ਲੈਣ ਆਏ ਸਨ ਪਰ ਕਿਸਾਨਾਂ ਦਾ ਦੋਸ਼ ਸੀ ਕਿ ਜਿਨਾਂ ਦੀ ਜ਼ਮੀਨ ਤੇ ਪ੍ਰਸ਼ਾਸਨ ਕਬਜ਼ਾ ਲੈਣ ਆਇਆ ਹੈ ਉਹਨਾ ਕਿਸਾਨਾਂ ਨੂੰ ਉਹਨਾਂ ਦੀ ਜਮੀਨ ਦਾ ਕੋਈ ਮੁੱਲ ਨਹੀਂ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਸ਼ਹਿ ਤੇ ਹੁਣ ਪੰਜਾਬ ਸਰਕਾਰ ਵੀ ਕਿਸਾਨਾਂ ਤੇ ਜਬਰੋ ਜੁਲਮ ਕਰਨ ਲੱਗ ਪਈ ਹੈ , ਜਿਸ ਦੇ ਰੋਸ਼ ਵਿੱਚ ਡੀਸੀ ਦਫਤਰਾਂ ਮੂਹਰੇ ਪੱਕੇ ਮੋਰਚੇ ਗੱਡੇ ਜਾ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਵੱਲੋਂ ਜਖਮੀ ਕਿਸਾਨਾਂ ਦਾ ਮੁਫਤ ਇਲਾਜ ਕਰਾਉਣ, ਭਾਰਤ ਮਾਲਾ ਤੇ ਦਿੱਲੀ ਕਰਤਾ ਐਕਸਪ੍ਰੈਸ ਵੇ ਦੇ ਤਹਿਤ ਆਉਂਦੀਆਂ ਜਮੀਨਾਂ ਦੇ ਮਾਲਕਾਂ ਨੂੰ ਜਮੀਨ ਦੇ ਰੇਟ ਤੋਂ ਚਾਰ ਗੁਣਾ ਜਿਆਦਾ ਮੁਆਵਜ਼ਾ ਦੇਣ , ਪ੍ਰੋਜੈਕਟ ਤਹਿਤ ਖਰਾਬ ਕੀਤੀਆਂ ਫਸਲਾਂ ਦਾ ਇਕ ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਆਦਿ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ।