ਭਾਜਪਾਈਆਂ ਨੇ ਕੀਤਾ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
- ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ- ਸੁਸ਼ੀਲ ਰਾਣਾ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਮਾਰਚ 2025: ਭਾਜਪਾ ਵੱਲੋਂ ਹਰਿਆਣਾ ਰਾਜ ਦੀ ਸੀਮਾ ਨਾਲ ਲੱਗਦੇ ਕਸਬੇ ਹੰਡਸੇਰਾ ਵਿਖੇ ਭਾਜਪਾ ਦੇ ਹੰਡੇਸਰਾ ਮੰਡਲ ਪ੍ਰਧਾਨ ਜਗਜੀਵਨ ਮਹਿਤਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਤੇ ਵਰਕਰਾਂ ਨੇ ਕਾਲੀਆਂ ਪੱਟੀਆਂ ਬੰਨ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਪੰਜਾਬ ਵਿੱਚ 3 ਸਾਲ ਪੂਰੇ ਹੋਣ 'ਤੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਸੁਸ਼ੀਲ ਰਾਣਾ ਮਗਰਾ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਰਾਣਾ ਨੇ ਕਿਹਾ ਕਿ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 3 ਸਾਲਾਂ ਵਿੱਚ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ ਹੈ ਅਤੇ ਪਿਛਲੇ ਤਿੰਨ ਸਾਲ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ , ਜਿਸ ਦੇ ਚਲਦਿਆਂ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪਣ ਤੋਂ ਬਾਅਦ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰੀ ਪੱਧਰ 'ਤੇ ਤਾਂ ਕੀ ਵਿਕਾਸ ਹੋਣਾ ਸੀ, ਪਿੰਡਾਂ ਵਿੱਚ ਵਿਕਾਸ ਦਾ ਨਾਂਅ ਨਿਸ਼ਾਨ ਤੱਕ ਨਹੀਂ ਹੈ। ਹਲਕੇ ਦੇ ਲੋਕ ਟੁੱਟੀਆਂ ਸੜਕਾ ਰਾਹੀਂ ਲੰਘਣ ਲਈ ਮਜਬੂਰ ਹਨ ਅਤੇ ਪਿੰਡਾਂ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਸ ਸੀ ਕਿ ਆਪ ਦੀ ਸਰਕਾਰ ਵਿਕਾਸ ਕਾਰਜ ਕਰਵਾਵੇਗੀ,ਪਰ ਲੰਘੇ 3 ਸਾਲਾ ਵਿੱਚ ਇੱਕ ਵੀ ਇੱਟ ਨਾ ਲਾ ਕੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਵਿਕਾਸ ਦੇ ਕੰਮਾਂ ਨੂੰ ਭੁੱਲ ਜਾਣ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਅਤੇ ਰੇਤ ਮਾਫੀਆ ਨੂੰ ਖਤਮ ਕਰਨ ਦਾ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ ਹਲਕੇ ਦੇ ਲੋਕਾਂ ਨੂੰ ਕੰਮ ਕਰਵਾਉਣੇ ਔਖੇ ਹੋ ਗਏ ਹਨ। ਸ੍ਰੀ ਰਾਣਾ ਨੇ ਕਿਹਾ ਕਿ ਸੂਬੇ ਵਿੱਚ ਆਪ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਅਤੇ ਹੁਣ ਸੂਬੇ ਦੇ ਲੋਕ ਇਸ ਤੋਂ ਤੰਗ ਆ ਚੁੱਕੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਦੀ ਸ਼ਲਾਘਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਲੋਕ ਹੁਣ ਭਾਜਪਾ ਨਾਲ ਜੁੜਦੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਮੰਡਲ ਲਾਲੜੂ ਦੇ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ, ਜ਼ਿਲ੍ਹਾ ਸਕੱਤਰ ਰਵਿੰਦਰ ਰਾਣਾ, ਸਤੀਸ਼ ਜੈਲਦਾਰ, ਰਣਬੀਰ ਸਿੰਘ, ਦਸਰਥ ਰਾਣਾ, ਹੰਡੇਸਰਾ ਮੰਡਲ ਦੇ ਮੀਤ ਪ੍ਰਧਾਨ ਵਿਜੈ ਰਾਣਾ, ਵਿਨੋਦ ਰਾਣਾ, ਸੁਰਿੰਦਰ ਕੁਮਾਰ, ਅਮਰਿੰਦਰ, ਪ੍ਰਦੀਪ, ਜਸਮੇਰ ਰਾਣਾ, ਕੰਵਰਪਾਲ ਨਗਲਾ ਤੇ ਰਣਬੀਰ ਬਿੱਟੂ ਆਦਿ ਵੀ ਹਾਜ਼ਰ ਸਨ।