ਲੰਪੀ ਚਮੜੀ ਰੋਗ ਤੋਂ ਬਚਾਅ ਲਈ ਟੀਕਾਕਰਨ ਲਾਜ਼ਮੀ : ਡਾ. ਸ਼ਰਮਾ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਮਾਰਚ 2025: ਲੰਪੀ ਚਮੜੀ ਰੋਗ ਗਊਆਂ ਦੀ ਇੱਕ ਵਾਇਰਲ ਬਿਮਾਰੀ ਹੈ ਅਤੇ ਕਈ ਵਾਰੀ ਇਹ ਮੱਝਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ ਜੋ ਕਿ ਪਸ਼ੂ ਪਾਲਕਾਂ ਦਾ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਬਿਮਾਰੀ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਇਹ ਬਿਮਾਰੀ ਲਾਗ ਦੀ ਬਿਮਾਰੀ ਹੈ ਅਤੇ ਇਸ ਬਿਮਾਰੀ ਦਾ ਟੀਕਾਕਰਨ ਸਿਰਫ ਗਊਆਂ ਵਿੱਚ ਇਹ ਕੀਤਾ ਜਾਂਦਾ ਹੈ ਕਿਉਂਕਿ ਇਹ ਬਿਮਾਰੀ ਮੱਝਾਂ ਵਿੱਚ ਕਾਫੀ ਘੱਟ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲੰਪੀ ਚਮੜੀ ਰੋਗ ਵਾਲੀ ਬਿਮਾਰੀ 1929 ਵਿੱਚ ਅਫਰੀਕਣ ਦੇਸ਼ਾਂ ਵਿੱਚ ਸ਼ੁਰੂ ਹੋਈ ਸੀ ਅਤੇ 2019 ਵਿੱਚ ਇਹ ਬਿਮਾਰੀ ਬੰਗਲਾਦੇਸ਼, ਪੱਛਮੀ ਬੰਗਾਲ, ਗੁਜਰਾਤ ਅਤੇ ਰਾਜਸਥਾਨ ਰਾਹੀਂ ਹੁੰਦੀ ਹੋਈ 2022 ਵਿੱਚ ਪੰਜਾਬ ਵਿੱਚ ਫੈਲ ਗਈ ਸੀ ,ਜਿਸ ਨੇ ਪਸ਼ੂ ਪਾਲਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ। ਲੰਪੀ ਚਮੜੀ ਰੋਗ ਕੀੜੇ ਮਕੌੜੇ ਜਿਵੇਂ ਕਿ ਮੱਖੀਆਂ, ਮੱਛਰ ਅਤੇ ਚਿੱਚੜਾਂ ਦੀਆਂ ਕੁਝ ਕਿਸਮਾਂ ਦੇ ਕੱਟਣ ਨਾਲ ਫੈਲਦੀ ਹੈ।
ਆਮ ਤੌਰ 'ਤੇ ਇਸ ਬਿਮਾਰੀ ਕਾਰਨ ਜਾਨਵਰਾਂ ਦੀ ਚਮੜੀ 'ਤੇ ਨੋਡਿਊਲ ( ਗੱਠਾਂ ਦੋ ਤੋਂ ਚਾਰ ਸੈਂਟੀਮੀਟਰ) ਬਣ ਜਾਂਦੇ ਹਨ ਅਤੇ ਇਨ੍ਹਾਂ ਸਖਤ ਗੱਠਾਂ ਵਿੱਚੋਂ ਪੀਲੇ ਰੰਗ ਦੀ ਪੀਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਚਮੜੀ ਗਲ ਵੀ ਜਾਂਦੀ ਹੈ ਅਤੇ ਇਨਫੈਕਸ਼ਨ ਹੋਣ ਕਾਰਨ ਜਾਨਵਰਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਅਤੇ ਪਸ਼ੂ ਖਾਣਾ ਪੀਣਾ ਘੱਟ ਕਰ ਦਿੰਦੇ ਹਨ ਅਤੇ ਦੁੱਧ ਵੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਪਸ਼ੂਆਂ ਵਿੱਚ ਗਰਭਪਾਤ ਹੋਣ ਦਾ ਡਰ ਵੀ ਰਹਿੰਦਾ ਹੈ ਅਤੇ ਪਸ਼ੂ ਬਹੁਤ ਕਮਜ਼ੋਰ ਹੋ ਜਾਂਦੇ ਹਨ।ਇਹ ਬਿਮਾਰੀ ਗਰਮੀਆਂ ਅਤੇ ਹੁੰਮਸ ਵਾਲੇ ਮੌਸਮ ਜਿਵੇਂ ਕਿ ਜੂਨ,ਜੁਲਾਈ ਅਤੇ ਅਗਸਤ ਮਹੀਨੇ ਵਿੱਚ ਫੈਲਦੀ ਹੈ। ਇਸ ਬਿਮਾਰੀ ਤੋਂ ਗ੍ਰਸਤ ਜਾਨਵਰ ਜਿਨ੍ਹਾਂ ਦਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ , ਉਹ ਆਮ ਤੌਰ 'ਤੇ ਦੋ ਤੋਂ ਤਿੰਨ ਹਫਤਿਆਂ ਵਿੱਚ ਠੀਕ ਹੋ ਜਾਂਦੇ ਹਨ ਅਤੇ ਇਸ ਬਿਮਾਰੀ ਕਾਰਨ ਦੋ ਤੋਂ ਚਾਰ ਪ੍ਰਤੀਸ਼ਤ ਜਾਨਵਰਾਂ ਦੀ ਮੌਤ ਵੀ ਹੋ ਸਕਦੀ ਹੈ।
ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਪ੍ਰਭਾਵਿਤ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਤੁਰੰਤ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਜਾਨਵਰਾਂ ਨੂੰ ਮੰਡੀਆਂ ਜਾਂ ਪਸ਼ੂ ਮੇਲਿਆਂ ਵਿੱਚ ਨਹੀਂ ਲਿਜਾਣਾ ਚਾਹੀਦਾ ਕਿਉਂਕਿ ਇਹ ਇੱਕ ਪਸ਼ੂ ਤੋਂ ਦੂਜੇ ਪਸ਼ੂ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਗਾਵਾਂ ਦਾ ਗੋਟ ਪੋਕਸ ਵੈਕਸੀਨ ਨਾਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਇਸ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਡਾਕਟਰ ਬਿਮਲ ਸ਼ਰਮਾ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਿਮਾਰੀ ਤੋਂ ਬਚਾਅ ਲਈ ਆਪਣੇ ਪਸ਼ੂਆਂ ਨੂੰ ਵੈਕਸੀਨ ਜ਼ਰੂਰ ਲਗਵਾਉਣ।
ਇਸ ਬਿਮਾਰੀ ਦੇ ਇਲਾਜ ਲਈ ਆਪਣੇ ਇਲਾਕੇ ਦੇ ਸਬੰਧਤ ਵੈਟਰਨਰੀ ਅਫਸਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਲੋੜ ਅਨੁਸਾਰ ਐਂਟੀਬਾਇਟਿਕਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਤੇ ਜੇਕਰ ਪਸ਼ੂ ਦੀ ਚਮੜੀ ਤੇ ਜਖਮ ਹੋ ਜਾਣ ਤਾਂ ਜਖਮਾਂ ਨੂੰ ਐਂਟੀਸੈਪਟਿਕ ਦਵਾਈ ਨਾਲ ਸਾਫ ਕਰਕੇ ਮੱਲਮ ਲਗਾਉਣੀ ਚਾਹੀਦੀ ਹੈ ਅਤੇ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ ਤਾਂ ਜੋ ਪਸ਼ੂਆਂ ਦਾ ਇਮਿਊਨ ਸਿਸਟਮ ਮਜਬੂਤ ਰਹੇ। ਜੇਕਰ ਪਸ਼ੂਆਂ ਨੂੰ ਬੁਖਾਰ ਹੋ ਜਾਵੇ ਤਾਂ ਡਾਕਟਰ ਦੀ ਸਲਾਹ ਨਾਲ ਹੀ ਬਿਮਾਰ ਪਸ਼ੂ ਨੂੰ ਦਵਾਈ ਦੇਣੀ ਚਾਹੀਦੀ ਹੈ ਅਤੇ ਪ੍ਰਭਾਵਿਤ ਪਸ਼ੂਆਂ ਨੂੰ ਸਾਫ ਸੁਥਰੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਮੱਖੀਆਂ ਮੱਛਰਾਂ ਅਤੇ ਚਿਚੜਾਂ ਤੋਂ ਬਚਾਅ ਕਰਨਾ ਚਾਹੀਦਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਜੇਕਰ ਕਿਸੇ ਜਾਨਵਰ ਦੀ ਇਸ ਬਿਮਾਰੀ ਕਾਰਨ ਮੌਤ ਹੋ ਜਾਵੇ ਤਾਂ ਉਸ ਨੂੰ ਕਦੇ ਵੀ ਖੁੱਲੇ ਵਿੱਚ ਨਹੀਂ ਸੁੱਟਣਾ ਚਾਹੀਦਾ ,ਸਗੋਂ ਉਸ ਨੂੰ ਸੱਤ ਤੋਂ ਅੱਠ ਫੁੱਟ ਡੂੰਘਾ ਟੋਆ ਪੁੱਟ ਕੇ ਉੱਪਰ ਚੂਨਾ ਤੇ ਮਿੱਟੀ ਪਾ ਕੇ ਪਸ਼ੂ ਨੂੰ ਚੰਗੀ ਤਰ੍ਹਾਂ ਦਬਾ ਦੇਣਾ ਚਾਹੀਦਾ ਹੈ ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲ ਸਕੇ।