ਗੈਸ ਪਾਈਪ ਲਾਈਨ ਮਾਮਲਾ: ਕਿਸਾਨਾਂ ਦੇ ਵਿਰੋਧ ਮਗਰੋਂ ਪ੍ਰਸ਼ਾਸਨ ਅਤੇ ਕੰਪਨੀ ਨੇ ਪੈਰ ਪਿੱਛੇ ਹਟਾਏ
ਅਸ਼ੋਕ ਵਰਮਾ
ਤਲਵੰਡੀ ਸਾਬੋ,16 ਮਾਰਚ 2025 :ਅੱਧੀ ਰਾਤ ਨੂੰ ਭਾਰੀ ਪੁਲਿਸ ਫੋਰਸ ਲੈ ਕੇ ਧੱਕੇ ਨਾਲ ਪਿੰਡ ਲੇਲੇਵਾਲਾ ਵਿਖੇ ਗੈਸ ਪਾਈਪ ਲਾਈਨ ਵਿਛਾਉਣ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫਿਰ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਜਗਸੀਰ ਸਿੰਘ ਝੁੰਬਾ, ਮਾਸਟਰ ਨਛੱਤਰ ਸਿੰਘ ਢੱਡੇ ਦੀ ਅਗਵਾਈ ਵਿੱਚ ਜਬਰਦਸਤ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਜਿਲਾ ਉੱਚ ਪੁਲਿਸ ਅਧਿਕਾਰੀਆਂ ਅਤੇ ਏਡੀਸੀ ਮੈਡਮ ਵੱਲੋਂ ਕੰਪਨੀ ਵੱਲੋਂ ਗੈਸ ਪਾਈਪਲਾਈਨ ਤੇ ਚਲਾਇਆ ਹੋਇਆ ਕੰਮ ਬੰਦ ਕਰ ਦਿੱਤਾ । ਮਾਹੌਲ ਦੁਬਾਰਾ ਉਦੋਂ ਗਰਮਾ ਗਿਆ ਜਦੋਂ ਕੰਪਨੀ ਵੱਲੋਂ, ਜ਼ਿਲ੍ਹਾ ਅਧਿਕਾਰੀਆਂ ਅਤੇ ਕਿਸਾਨਾਂ ਵਿਚਾਲੇ ਕੰਮ ਨਾ ਚਲਾਉਣ ਦੇ ਕੀਤੇ ਹੋਏ ਸਮਝੌਤੇ ਦੀ ਉਲੰਘਣਾ ਕਰਦਿਆਂ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਦੁਬਾਰਾ ਜਾ ਕੇ ਕੰਪਨੀ ਵੱਲੋਂ ਚਲਾਈਆਂ ਜਾ ਰਹੀਆਂ ਮਸ਼ੀਨਾਂ ਦਾ ਘਿਰਾਓ ਕਰ ਲਿਆ। ਇਸ ਤੋਂ ਬਾਅਦ ਫਿਰ ਪੁਲਿਸ ਦੇ ਉੱਚ ਅਧਿਕਾਰੀ, ਏਡੀਸੀ ਮੈਡਮ ਅਤੇ ਐਸਡੀਐਮ ਤਲਵੰਡੀ ਸਾਬੋ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਕੀਤੀ ਅਤੇ ਐਸਡੀਐਮ ਤਲਵੰਡੀ ਸਾਬੋ ਵੱਲੋਂ ਸਟੇਜ ਤੋਂ ਆ ਕੇ ਭਰੋਸਾ ਦਿੱਤਾ ਗਿਆ ਕਿ ਅਦਾਲਤ ਦੇ ਅਗਲੇ ਹੁਕਮਾਂ ਤੱਕ ਕੰਮ ਬੰਦ ਰੱਖਿਆ ਜਾਵੇਗਾ ਜਿਸ ਤੋਂ ਬਾਅਦ ਕਿਸਾਨਾਂ ਵੱਲੋ ਅੱਜ ਦਾ ਐਕਸ਼ਨ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜੀ ਆਈ ਜੀ ਐਲ ਗੈਸ ਪਾਈਪ ਲਾਈਨ ਕੰਪਨੀ ਵੱਲੋਂ ਛੇ ਸਾਲਾਂ ਤੋਂ ਕਿਸਾਨਾਂ ਦੇ ਖੇਤਾਂ ਵਿੱਚ ਬਿਨਾਂ ਮੁਆਵਜ਼ਾ ਦਿੱਤੇ ਜਾਂ ਨਿਗੂਣਾ ਮੁਆਵਜ਼ਾ ਦੇ ਕੇ ਧੱਕੇ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਕਿਸਾਨਾਂ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਕੰਪਨੀ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਕਈ ਵਾਰ ਸਮਝੌਤੇ ਵੀ ਕੀਤੇ ਕਿ ਸਾਰੇ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਤੇ ਹੋਰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਕਿਸਾਨਾਂ ਨਾਲ ਹਰ ਵਾਰੀ ਕੰਪਨੀ ਵੱਲੋਂ ਵਿਸ਼ਵਾਸਘਾਤ ਕਰਕੇ ਪੁਲਿਸ ਅਤੇ ਅਦਾਲਤ ਦਾ ਸਹਾਰਾ ਲੈ ਕੇ ਧੱਕੇ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਪਾਈਪ ਵਿਛਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੰਪਨੀ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਧੱਕਾ ਬਰਦਾਸ਼ਤ ਨਹੀਂ ਹੋਵੇਗਾ ਤੇ ਇਸ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਅੱਜ ਦੀ ਐਕਸ਼ਨ ਪ੍ਰੋਗਰਾਮ ਵਿੱਚ ਬਿੰਦਰ ਸਿੰਘ ਜੋਗੇਵਾਲਾ, ਹਰਪ੍ਰੀਤ ਸਿੰਘ ਚੱਠੇਵਾਲਾ, ਰਾਜਵਿੰਦਰ ਸਿੰਘ ਰਾਮ ਨਗਰ, ਗੁਰਜੀਤ ਸਿੰਘ ਬੰਗੇਹਰ, ਬਲਦੇਵ ਸਿੰਘ ਚੌਕੇ, ਗੁਲਾਬ ਸਿੰਘ ਜਿਉਂਦ, ਬੂਟਾ ਸਿੰਘ ਬੱਲੋ, ਬਲਜੀਤ ਸਿੰਘ ਪੂਹਲਾ, ਲਖਵੀਰ ਸਿੰਘ ਗਿੱਦੜ, ਦੀਨਾ ਸਿੰਘ ਸਿਵੀਆਂ, ਰਾਮ ਸਿੰਘ ਕੋਟਗੁਰੂ, ਅਜੇਪਾਲ ਸਿੰਘ ਘੁੱਦਾ, ਜਸਪਾਲ ਸਿੰਘ ਕੋਠਾ ਗੁਰੂ, ਅਵਤਾਰ ਸਿੰਘ ਭਗਤਾ ਸਮੇਤ ਜਿਲ੍ਹੇ ਦੇ ਆਗੂ ਵਰਕਰ ਸ਼ਾਮਿਲ ਸਨ।