ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਬੁੱਢੇ ਦਰਿਆ ਦੀ ਕਾਰਸੇਵਾ ਕਰ ਰਹੇ ਸੰਤ ਸੀਚੇਵਾਲ ਦੀ ਕੀਤੀ ਪ੍ਰਸ਼ੰਸ਼ਾ
- ਬੁੱਢੇ ਦਰਿਆ ਦੀ ਸਾਫੀ ਦੀ ਉਮੀਦ ਜਤਾਈ : ਸੰਧਵਾਂ
- ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਖਤਰਨਾਕ ਧਾਤਾਂ ਦਾ ਮਿਲਣਾ ਚਿੰਤਾਜਨਕ : ਸੰਤ ਸੀਚੇਵਾਲ
- ਸੰਤ ਲਾਲ ਸਿੰਘ ਜੀ ਦੀ 47ਵੀਂ ਸਲਾਨਾ ਬਰਸੀ ਸ਼ਰਧਾਪੂਰਵਕ ਮਨਾਈ ਗਈ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 16 ਮਾਰਚ 2025 - ਨਿਰਮਲ ਕੁਟੀਆ ਸੀਚੇਵਾਲ ਵਿੱਚ ਸ੍ਰੀਮਾਨ ਸੰਤ ਲਾਲ ਸਿੰਘ ਜੀ ਦੀ 47ਵੀਂ ਸਲਾਨਾ ਬਰਸੀ ਬੜੀ ਸ਼ਰਧਾਪੂਰਵਕ ਮਨਾਈ ਗਈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਦਾ ਹੋਕਾ ਦੇ ਰਹੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਕਾਰਸੇਵਾ ਨੂੰ ਸਹਿਯੋਗ ਦੇਣ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਲਈ ਇਸ ਤੋਂ ਪਹਿਲਾਂ ਵੀ ਬਹੁਤ ਯਤਨ ਕੀਤੇ ਗਏ ਸਨ ਪਰ ਕੋਈ ਸਿਰੇ ਨਹੀਂ ਚੜ੍ਹਿਆ। ਉਹਨਾਂ ਕਿਹਾ ਕਿ ਜਿਹੜੀ ਦ੍ਰਿੜਤਾ ਨਾਲ ਸੰਤ ਸੀਚੇਵਾਲ ਬੁੱਢੇ ਦਰਿਆ ਦੀ ਕਾਰਸੇਵਾ ਕਰ ਰਹੇ ਹਨ, ਉਸ ਤੋਂ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ ਲੁਧਿਆਣੇ ਦਾ ਬੁੱਢੇ ਨਾਲ਼ਾ ਬੁੱਢੇ ਦਰਿਆ ਵਿੱਚ ਬਦਲ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣੇ ਦੀਆਂ ਫੈਕਟਰੀਆਂ ਅਤੇ ਡੇਅਰੀਆਂ ਦਾ ਦੂਸ਼ਿਤ ਪਾਣੀ ਮਾਲਵੇ ਅਤੇ ਰਾਜਸਥਾਨ ਦੇ 12 ਜ਼ਿਲ੍ਹਿਆਂ ਵਿੱਚ ਜਾ ਰਿਹਾ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਇਸ ਗੱਲ ਤੇ ਵੀ ਚਿੰਤਾ ਪ੍ਰਗਟਾਈ ਕਿ ਬੁੱਢੇ ਦਰਿਆ ਵਿੱਚ ਨਿਰੀਆਂ ਜ਼ਹਿਰਾਂ ਹੀ ਪਾਈਆਂ ਜਾ ਰਹੀਆਂ। ਇਸ ਕਾਰਨ ਸਤਲੁਜ ਦਰਿਆ ਦੇ ਜਲਚਰ ਜੀਵ ਖਤਮ ਹੋ ਗਏ ਹਨ ਅਤੇ ਹੁਣ ਇਸਦੇ ਦੂਸ਼ਿਤ ਪਾਣੀ ਦਾ ਅਸਰ ਮਨੁੱਖੀ ਜੀਵਨ 'ਤੇ ਪੈ ਰਿਹਾ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਦੀ ਕੀਤੀ ਜਾ ਰਹੀ ਕਾਰਸੇਵਾ ਨੇ ਲੋਕਾਂ ਵਿੱਚ ਆਸ ਜਗਾਈ ਹੈ ਕਿ ਪਾਣੀ ਦਾ ਇਹ ਕੁਦਰਤੀ ਸਰੋਤ ਹੁਣ ਪਹਿਲਾਂ ਵਾਂਗ ਸਾਫ਼ ਅਤੇ ਸੁਥਰਾ ਹੋ ਕੇ ਵੱਗਣ ਲੱਗੇਗਾ।
ਉਨ੍ਹਾਂ ਆਪਣੇ ਸੰਬੋਧਨ ਦੌਰਾਨ ਇਸ ਗੱਲ ਦਾ ਵੀ ਉਚੇਚਾ ਜ਼ਿਕਰ ਕੀਤਾ ਕਿ ਇਸ ਤੋਂ ਪਹਿਲਾਂ ਸੰਤ ਸੀਚੇਵਾਲ ਨੇ 165 ਕਿਲੋਮੀਟਰ ਪਵਿੱਤਰ ਵੇਂਈ ਨੂੰ ਸਾਫ਼ ਕਰਕੇ ਦੇਸ਼ ਅੱਗੇ ਵੱਡਾ ਉਦਾਹਰਣ ਪੇਸ਼ ਕੀਤਾ ਹੈ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀਮਾਨ ਸੰਤ ਲਾਲ ਸਿੰਘ ਜੀ ਦਾ ਜੀਵਨ ਬਹੁਤ ਸਾਦਗੀ ਭਰਿਆ ਸੀ। ਉਹ ਕੁਦਰਤ ਪ੍ਰੇਮੀ ਸਨ ਅਤੇ ਪਾਣੀ ਨੂੰ ਸੰਜਮ ਨਾਲ ਵਰਤਦੇ ਸਨ। ਉਹ ਦਾਤਣ ਕਰਨ ਵਾਸਤੇ ਵੀ ਰੁੱਖਾਂ ਨਾਲ ਤੋੜੀ ਗਈ ਟਾਹਣੀ ਨੂੰ ਕਈ ਦਿਨ ਵਰਤੋਂ ਵਿੱਚ ਲਿਆਉਂਦੇ ਸਨ। ਇਹ ਸਾਰਾ ਕੁਝ ਉਸ ਸਮੇਂ ਕਰਦੇ ਸਨ, ਜਦੋਂ ਵਾਤਾਵਰਣ ਨੂੰ ਕੋਈ ਚੁਣੌਤੀ ਨਹੀਂ ਸੀ।
ਸੰਤ ਸੀਚੇਵਾਲ ਨੇ ਹਾਲ ਹੀ ਵਿੱਚ ਜਲ ਸਰੋਤਾਂ ਬਾਰੇ ਕਮੇਟੀ ਵੱਲੋਂ ਸੰਸਦ ਵਿੱਚ ਪੇਸ਼ ਕੀਤੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਉਹਨਾਂ ਦੱਸਿਆ ਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 20 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਖਤਰਨਾਕ ਧਾਤਾਂ ਮਿਲੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਹੋਂਦ ਪਾਣੀ ਤੇ ਹੀ ਟਿਕੀ ਹੋਈ ਹੈ, ਇਸ ਲਈ ਪਾਣੀ ਦਾ ਬਚਾਉ ਬੇਹੱਦ ਜ਼ਰੂਰੀ ਹੈ।
ਇਸ ਦੌਰਾਨ ਦੂਰ-दੂਰ ਤੋਂ ਆਏ ਸੰਤ ਮਹਾਂਪੁਰਖਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਸੰਤ ਲਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿੱਚੋਂ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਮੁਫ਼ਤ ਵਿੱਚ ਵੰਡਿਆ ਗਿਆ ਅਤੇ ਗੁਰੂ ਕੇ ਲੰਗਰ ਦਾ ਅਤੁਟ ਵਰਤਾਏ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਰਸ ਭਿੰਨਾ ਕੀਤਰਨ ਕੀਤਾ ਗਿਆ।
ਸਟੇਜ ਸਕੱਤਰ ਦੀ ਭੂਮਿਕਾ ਸੰਤ ਸੁਖਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੰਤ ਅਮਰੀਕ ਸਿੰਘ ਜੀ ਖੁਖਰੈਣ, ਸੰਤ ਗੁਰਮੇਜ਼ ਸਿੰਘ ਸੈਦਰਾਣਾ, ਸੰਤ ਅਜੀਤ ਸਿੰਘ ਨੌਲੀ ਵਾਲੇ, ਸੰਤ ਗੁਰਚਰਨ ਸਿੰਘ ਪੰਡਵਾਂ ਵਾਲੇ, ਸੰਤ ਸੁਖਵੰਤ ਸਿੰਘ, ਸਿੱਖ ਚਿੰਤਕ ਭਗਵਾਨ ਸਿੰਘ ਜੋਹਲ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਪੰਜਾਬ ਸੱਥ ਯੂ.ਕੇ ਤੋਂ ਮੋਤਾ ਸਿੰਘ ਸਰਾਏ, ਦਰਸ਼ਨ ਘੋਲੀਆ, ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਟਾਂਡੇ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ, ਸੱਜਣ ਸਿੰਘ ਚੀਮਾ, ਜੋਗਾ ਸਿੰਘ ਸਰਪੰਚ, ਬੂਟਾ ਸਿੰਘ ਸਰਪੰਚ, ਰਣਜੀਤ ਕੌਰ ਅਤੇ ਹੋਰ ਪਿੰਡਾਂ ਦੇ ਸਰਪੰਚ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਹਾਜ਼ਰ ਹੋਏ।