ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ ਪਿੱਤਲ ਦੀਆਂ ਮੂਰਤੀਆਂ ਅਤੇ ਨਗਦੀ ਲੈਕੇ ਫ਼ਰਾਰ ਹੋਏ ਚੋਰ
- ਸਬੂਤ ਮਿਟਾਉਣ ਲਈ ਡੀਵੀਆਰ ਵੀ ਲੈ ਗਏ ਨਾਲ
ਰਿਪੋਰਟਰ --- ਰੋਹਿਤ ਗੁਪਤਾ
ਗੁਰਦਾਸਪੁਰ, 16 ਮਾਰਚ 2025 - ਗੁਰਦਾਸਪੁਰ ਸ਼ਹਿਰ ਦੇ ਇਕ ਪਾਸ਼ ਇਲਾਕੇ ਰੁਲੀਆ ਰਾਮ ਕਲੋਨੀ ਵਿੱਚ ਲਕਸ਼ਮੀ ਨਾਰਾਇਣ ਧਾਮ ਨੂੰ ਚੋਰਾਂ ਨੇ ਬੀਤੀ ਰਾਤ ਨਿਸ਼ਾਨਾ ਬਣਾਇਆ ਹੈ ਚੋਰ ਮੰਦਿਰ ਦੇ ਅੰਦਰੋ ਮਹਿੰਗੇ ਮੁੱਲ ਦੀਆਂ ਪਿੱਤਲ ਦੀਆਂ ਮੂਰਤੀਆਂ ਅਤੇ ਹੋਰ ਸਮਾਨ ਦੇ ਨਾਲ ਲੰਗਰ ਲਈ ਦਾਨ ਪਾਤਰ ਵਿੱਚ ਰੱਖੀ ਗਈ ਕਰੀਬ 25 ਹਜਾਰ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ । ਮੰਦਰ ਦੇ ਸੇਵਾਦਾਰਾਂ ਅਨੁਸਾਰ ਚੋਰ ਨੇੜੇ ਦੇ ਇੱਕ ਟੁੱਟੇ ਪਏ ਸ਼ਟਰ ਦੀਆਂ ਪੋੜੀਆਂ ਚੜ ਕੇ ਛੱਤ ਰਾਹੀ ਮੰਦਿਰ ਵਿੱਚ ਦਾਖਿਲ ਹੋਏ ਅਤੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ।
ਉਹਨਾਂ ਨੇ ਨਾ ਸਿਰਫ ਦਰਬਾਰ ਵਿੱਚ ਪਈਆਂ ਪਿੱਤਲ ਦੀਆਂ ਅੱਠ ਮੂਰਤੀਆਂ ਤੇ ਤਿੰਨ ਗੁਰਜ ਚੋਰੀ ਕੀਤੇ ਬਲਕਿ ਸੰਦੂਕ ਖੋਲ ਕੇ ਉਸ ਵਿੱਚ ਪਿਆ ਪਿੱਤਲ ਦਾ ਸਮਾਨ ਘੰਟੀਆਂ ਆਦੀ ਵੀ ਚੋਰੀ ਕਰਕੇ ਲੈ ਗਏ ਅਤੇ ਮੰਦਰ ਵਿੱਚ ਜਗਦੀ ਅਖੰਡ ਜੋਤ ਲਈ ਰੱਖੇ ਗਏ ਘਿਓ ਦੇ ਡੱਬੇ ਵੀ ਚੋਰਾਂ ਵੱਲੋਂ ਚੋਰੀ ਕੀਤੇ ਗਏ ਅਤੇ ਰਸੋਈ ਵਿੱਚ ਰੱਖੇ ਗੈਸ ਚੁੱਲੇ ਦੇ ਪਿੱਤਲ ਦੇ ਬਰਨਰ ਤੱਕ ਉਹਨਾਂ ਨੇ ਨਹੀਂ ਛੱਡੇ। ਇਸ ਦੇ ਨਾਲ ਹੀ ਦਾਨ ਪਾਤਰ ਦਾ ਤਾਲਾ ਤੋੜ ਕੇ ਉਸ ਵਿੱਚ ਲੰਗਰ ਲਈ ਰੱਖੀ ਗਈ 25 ਹਜਾਰ ਰੁਪਏ ਦੇ ਕਰੀਬ ਨਕਦੀ ਵੀ ਚੋਰਾਂ ਨੇ ਚੋਰੀ ਕੀਤੀ ।ਮੰਦਰ ਵਿੱਚ ਕੈਮਰੇ ਵੀ ਲੱਗੇ ਹਨ ਪਰ ਚੋਰ ਕੱਲੇ ਕੱਲੇ ਨੂੰ ਜਾ ਕੇ ਚੋਰੀ ਦਾ ਸਬੂਤ ਮਿਟਾਉਣ ਲਈ ਉਸਦੀ ਡੀਵੀਆਰ ਵੀ ਤੋੜ ਕੇ ਨਾਲ ਲੈ ਗਏ ਹਨ।
ਮੰਦਰ ਦੇ ਸੇਵਾਦਾਰਾਂ ਅਤੇ ਮੁਕੁਲ ਦੱਤਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਮੰਦਰ ਵਿੱਚ ਚੋਰੀ ਹੋਈ ਸੀ ਪਰ ਉਸਨੂੰ ਸੁਲਝਾਉਣ ਵਿੱਚ ਵੀ ਪੁਲਿਸ ਨਾਕਾਮ ਰਹੀ ਅਤੇ ਅੱਜ ਫਿਰ ਮੰਦਿਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਬੀਤੀ ਰਾਤ ਹੋਈ ਚੋਰੀ ਦੀ ਸੂਚਨਾ ਵੀ ਦੇ ਦਿੱਤੀ ਗਈ ਹੈ ।