ਲੁਧਿਆਣਾ ਦੇ ਡੀਸੀ ਜੋਰਾਵਰ ਸਿੰਘ ਨੇ ਜਗਰਾਉਂ ਦੇ ਮੁੜ ਵਸੇਬਾ ਸੇਵਾ ਕੇਂਦਰ ਦਾ ਕੀਤਾ ਅਚਨਚੇਤ ਦੌਰਾ
ਦੀਪਕ ਜੈਨ
ਜਗਰਾਉਂ 16 ਮਾਰਚ 2025 - ਸ਼ਹਿਰ ਦੇ ਝਾਂਸੀ ਰਾਣੀ ਚੌਂਕ ਦੇ ਨੇੜੇ ਸਥਿਤ ਮੁੜ ਵਸੇਬਾ ਕੇਂਦਰ ਦਾ ਐਤਵਾਰ ਦੀ ਦੁਪਹਿਰ 2 ਵਜੇ ਦੇ ਕਰੀਬ ਲੁਧਿਆਣਾ ਦੇ ਡੀਸੀ ਜੋਰਾਵਰ ਸਿੰਘ ਨੇ ਅਚਨਚੇਤ ਦੌਰਾ ਕੀਤਾ।ਡੀਸੀ ਜੋਰਾਵਰ ਸਿੰਘ ਵੱਲੋਂ ਕੀਤੇ ਗਏ ਇਸ ਅਚਨਚੇਤ ਦੌਰੇ ਦੌਰਾਨ ਉਹਨਾਂ ਦੇ ਨਾਲ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲਿਸ ਕਪਟਨ ਡਾਕਟਰ ਅੰਕੁਰ ਗੁਪਤਾ, ਸਿਵਲ ਹਸਪਤਾਲ ਜਗਰਾਉਂ ਦੇ ਐਸਐਮਓ ਹਰਜੀਤ ਸਿੰਘ ਵੀ ਖਾਸ ਤੌਰ ਤੇ ਮੌਜੂਦ ਰਹੇ।ਡੀਸੀ ਜੋਰਾਵਰ ਸਿੰਘ ਵੱਲੋਂ ਮੁੜ ਵਸੇਬਾ ਕੇਂਦਰ ਵਿੱਚ ਆਪਣਾ ਇਲਾਜ ਕਰਾ ਰਹੇ ਮਰੀਜ਼ਾਂ ਨੂੰ ਮਿਲ ਕੇ ਉਹਨਾਂ ਦਾ ਹਾਲ ਚੱਲ ਜਾਨਿਆ।
ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਡੀਸੀ ਜੋਰਾਵਰ ਸਿੰਘ ਨੇ ਕਿਹਾ ਕਿ ਅੱਜ ਦਾ ਉਹਨਾਂ ਦਾ ਦੌਰਾ ਨਸ਼ਿਆਂ ਦੇ ਵਿਰੁੱਧ ਜੋ ਯੁੱਧ ਪੰਜਾਬ ਸਰਕਾਰ ਵੱਲੋਂ ਛੇੜਿਆ ਗਿਆ ਹੈ ਉਸ ਦੇ ਤਹਿਤ ਹੈ। ਉਹਨਾਂ ਕਿਹਾ ਕਿ ਉਨਾਂ ਵੱਲੋਂ ਅੱਜ ਦੇ ਦੌਰੇ ਦੌਰਾਨ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਗਰਾਉਂ ਵਿਖੇ ਸਥਿਤ ਮੁੜ ਵਸੇਬਾ ਕੇਂਦਰ ਵਿੱਚ ਕੀ ਕੀ ਸੁਵਿਧਾਵਾਂ ਮੌਜੂਦ ਹਨ ਅਤੇ ਹੋਰ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਦੀ ਇੱਥੇ ਹੋਰ ਜਰੂਰਤ ਹੈ।
ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਲਾਜ ਕਰਵਾ ਰਹੇ ਮਰੀਜ਼ਾਂ ਨਾਲ ਵੀ ਮੁਲਾਕਾਤ ਕਰ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਜਾਣਿਆ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਮੁੜ ਵਸੇਬਾ ਕੇਂਦਰ ਵਿੱਚ ਨਸ਼ਾ ਛੱਡਣ ਲਈ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਸੁਵਿਧਾ ਲਈ ਲਾਈਬਰੇਰੀ ਅਤੇ ਹੋਰ ਵੀ ਚੰਗੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਇਥੋਂ ਨਸ਼ਾ ਛੱਡ ਕੇ ਜਾਣ ਵਾਲੇ ਮਰੀਜ਼ ਵਧੀਆ ਢੰਗ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ।