ਹਰਜਿੰਦਰ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਮੁਕਤਸਰ ਪੁਲਿਸ ਨੇ 24 ਘੰਟਿਆਂ ਵਿੱਚ ਕੀਤੇ ਦੋ ਕਾਬੂ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 13 ਮਾਰਚ 2025: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਹਰਜਿੰਦਰ ਕੁਮਾਰ ਉਰਫ ਰਾਹੁਲ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ 2 ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਹੁਣ ਇਸ ਕਤਲ ਵਿੱਚ ਸ਼ਾਮਿਲ ਦੱਸੇ ਜਾ ਰਹੇ ਤੀਸਰੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰ ਰਹੀ ਹੈ । ਜ਼ਿਲ੍ਹਾ ਪੁਲਿਸ ਮੁਖੀ ਡਾ.ਅਖਿਲ ਚੌਧਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦਈ ਚੰਦਭਾਨ ਪੁੱਤਰ ਜਗਦੀਸ਼ ਰਾਏ ਵਾਸੀ ਗੋਨਿਆਣਾ ਰੋਡ ਨੇ ਥਾਣਾ ਸਿਟੀ ਮੁਕਤਸਰ ਪੁਲਿਸ ਕੋਲ ਬਿਆਨ ਲਿਖਾਇਆ ਸੀ ਕਿ ਉਸਦਾ ਲੜਦਾ ਹਰਜਿੰਦਰ ਕੁਮਾਰ ਉਰਫ ਰਾਹੁਲ ਮਿਤੀ 11 ਮਾਰਚ ਨੂੰ ਰਵੀਦਾਸ ਮੰਦਰ ਨੇੜੇ ਛੋਟਾ ਤਲਾਅ ਕੋਲ ਖੜ੍ਹਾ ਸੀ ਤਾਂ ਉਸ ਸਮੇਂ ਮੋਟਰਸਾਇਕਲ ਸਵਾਰ ਮੇਜਰ ਸਿੰਘ , ਅਨਮੋਲ ਸਿੰਘ ਉਰਫ ਮੋਹਲੀ ਅਤੇ ਭਿੰਦਰ ਸਿੰਘ ਉਰਫ ਭਿੰਦਰੀ ਨੇ ਉਸਦੇ ਪੁੱਤਰ ਨੂੰ ਤੇਜਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਿਸ ਦੇ ਸਿੱਟੇ ਵਜੋਂ ਹਰਜਿੰਦਰ ਕੁਮਾਰ ਉਰਫ ਰਾਹੁਲ ਦੀ ਮੌਤ ਹੋ ਗਈ।
ਉਹਨਾਂ ਦੱਸਿਆ ਕਿ ਥਾਣਾ ਸਿਟੀ ਮੁਕਤਸਰ ਪੁਲਿਸ ਨੇ ਮੁਕੱਦਮਾ ਨੰਬਰ 44 ਮਿਤੀ 12.03.2025 ਅ/ਧ 103(1),3(5) ਬੀ.ਐਨ.ਐਸ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਸੀ । ਰੰਜਿਸ਼ ਇਹ ਹੈ ਕਿ ਮ੍ਰਿਤਕ ਹਰਜਿੰਦਰ ਕੁਮਾਰ ਉਰਫ ਰਾਹੁਲ ਨੇ ਮਿਤੀ 24.02.2025 ਨੂੰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਲਜਮਾਂ ਖਿਲਾਫ ਹਰਜਿੰਦਰ ਕੁਮਾਰ ਉਰਫ ਰਾਹੁਲ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਦੇਣ ਸਬੰਧੀ ਧਾਰਾ 115(2),118(1),191(3),190 ਬੀ.ਐਨ.ਐਸ. ਤਹਿਤ ਦਰਜ ਰਜਿਸਟਰ ਕਰਵਾਇਆ ਸੀ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁੱਖ ਮੁਲਜਮ ਭਿੰਦਰ ਸਿੰਘ ਬਿਦਰੀ ਪੁੱਤਰ ਗੁਰਦਾਸ ਸਿੰਘ ਵਾਸੀ ਦਰਵਾਜੇ ਨੇੜੇ ਰਵਿਦਾਸ ਮੰਦਰ ਸ੍ਰੀ ਮੁਕਤਸਰ ਸਾਹਿਬ ਅਤੇ ਮੇਜਰ ਸਿੰਘ ਵਾਸੀ ਨੇੜੇ ਵਾਸੀ ਗੁਰੂਦਵਾਰਾ ਟੁੱਟੀ ਗੰਢੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਗਿਆ ਹੈ।ਮੁਕੱਦਮਾ ਦੇ ਤੀਸਰੇ ਮੁਲਜਮ ਦੀ ਤਲਾਸ਼ ਜਾਰੀ ਹੈ । ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਹੈ।