ਸਿੰਗਰ ਕਾਕਾ ਦੇ MUSIC ਕੰਪਨੀਆਂ 'ਤੇ ਵੱਡੇ ਇਲਜ਼ਾਮ, ਕਿਹਾ ਕੰਪਨੀਆਂ ਨੇ ਠੱਗੀ ਦੇ ਨਵੇਂ-ਨਵੇਂ ਤਰੀਕੇ ਲੱਭੇ....
- ਮੈਂ ਹਰ ਉਸ ਕਲਾਕਾਰ ਨਾਲ ਹਾਂ ਜਿਸ ਨਾਲ ਠੱਗੀ ਹੋਈ...
ਚੰਡੀਗੜ੍ਹ, 13 ਮਾਰਚ 2025 - ਪੰਜਾਬੀ ਦੇ ਪ੍ਰਸਿੱਧ ਗਾਇਕ ਕਾਕਾ ਨੇ ਪਿੰਕੀ ਧਾਲੀਵਾਲ ਉੱਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਮੈਂ ਅਤੇ ਮੇਰੇ ਵਰਗੇ ਕਈ ਗਾਇਕ ਪ੍ਰੋਡਿਊਸਰਾਂ ਅਤੇ ਸਰਵਿਸ ਪ੍ਰੋਵਾਈਡਰਾਂ ਦੀ ਵੱਡੀ ਠੱਗੀ ਦਾ ਸ਼ਿਕਾਰ ਹੁੰਦੇ ਹਨ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕਾ ਨੇ ਕਿਹਾ ਕਿ ਜਿਸ ਚੈਨਲ ਉੱਤੇ ਉਸਦੇ ਗੀਤ ਚਲਾਏ ਜਾਂਦੇ ਹਨ ਉਸ ਤੋਂ ਬਿਨਾ ਕੰਪਨੀ ਨੇ ਕਈ ਜਾਅਲੀ ਚੈਨਲ ਬਣਾ ਲਏ ਹਨ ਅਤੇ ਉਹਨਾਂ ਫੇਕ ਚੈਨਲਾਂ ਦੀ ਕਮਾਈ ਨਾਜਾਇਜ਼ ਤੌਰ 'ਤੇ ਖਾਦੀ ਜਾਂਦੀ ਹੈ ਜਿਸ ਖ਼ਿਲਾਫ਼ ਉਹਨਾਂ ਮੁਹਾਲੀ ਦੇ ਮਟੌਰ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੋਈ ਹੈ।
ਉਹਨਾਂ ਕਿਹਾ ਕਿ ਪਿੰਕੀ ਧਾਲੀਵਾਲ ਦੀ ਕੰਪਨੀ ਵੱਲੋਂ ਨਾ ਤਾਂ ਕਾਨੂੰਨੀ ਨੋਟਿਸਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਹ ਬੈਠਕੇ ਮਸਲਾ ਨਿਮੇੜਨਾ ਚਹੁੰਦੇ ਹਨ। ਜਿਸ ਕਾਰਨ ਉਹ ਹੁਣ ਕਾਨੂੰਨੀ ਰਸਤਾ ਅਖਤਿਆਰ ਕਰਨਗੇ। ਉਹਨਾਂ ਕਿਹਾ ਕਿ ਗਾਣਿਆਂ ਦੀ ਰੀਚ ਬਾਰੇ ਉਸ ਨੂੰ ਐਕਸਲ ਦੀਆਂ ਡੁਪਲੀਕੇਟ ਸੀਟਾਂ ਮੁਕੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਗਾਣੇ ਕਿੰਨੇ ਚੱਲੇ ਉਸਦੀਆਂ ਅਸਲੀ ਰਿਪੋਰਟਾਂ ਨਹੀਂ ਦਿੱਤੀਆਂ ਜਾਂਦੀਆਂ।
ਕਾਕਾ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਤੌਰ 'ਤੇ ਗਾਣੇ ਰਿਲੀਜ਼ ਕਰਦਾ ਸੀ ਤਾਂ ਉਸਨੂੰ ਚੰਗੀ ਕਮਾਈ ਹੁੰਦੀ ਸੀ ਪਰ ਹੁਣ ਜਦੋਂ ਉਹ ਕੰਪਨੀ ਨਾਲ ਜੁੜਿਆ ਹੈ ਤਾਂ ਉਸ ਦੀ ਕਮਾਈ ਘੱਟ ਰਹੀ ਹੈ। ਕਾਕਾ ਨੇ ਇਹ ਇਲਜ਼ਾਮ ਵੀ ਲਗਾਏ ਕਿ ਉਸਦੀ ਕਮਾਈ ਦੇ ਪੈਸੇ ਸਿੱਧੇ ਖਾਤੇ 'ਚ ਦੇਣ ਦੀ ਬਜਾਏ ਉਸਨੂੰ ਦੁਬਈ ਰਾਹੀਂ ਹਵਾਲਾ ਰਾਸ਼ੀ ਦੇ ਪੈਸੇ ਦਿੱਤੇ ਜਾਂਦੇ ਸਨ ਜੋ ਆਪਣੇ ਆਪ ਵਿੱਚ ਜੁਰਮ ਹੈ।