ਹੋਲਾ ਮਹੱਲਾ ਦੇ ਜੋੜ ਮੇਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਏ ਜਾਣਗੇ ਵਿਸ਼ਾਲ ਲੰਗਰ
- ਲੰਗਰ ਦੀਆਂ ਰਸਦਾਂ ਸਮੇਤ ਸੰਗਤਾਂ ਹੋਈਆਂ ਰਵਾਨਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਮਾਰਚ 2025 - ਹੋਲਾ ਮਹੱਲਾ ਦੇ ਪਾਵਨ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋੜ ਮੇਲੇ ਮੌਕੇ ਲੱਖਾਂ ਦੀ ਤਾਦਾਦ ਵਿੱਚ ਨਤਮਸਤਕ ਹੋਣ ਪਹੁੰਚ ਰਹੀਆਂ ਸੰਗਤਾਂ ਵਾਸਤੇ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਵਿਸ਼ਾਲ ਲੰਗਰ ਲਗਾਏ ਜਾਣਗੇ। ਅੱਜ ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਅਗਵਾਈ ਹੇਠ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਜੋੜ ਮੇਲੇ ਲਈ ਰਵਾਨਗੀ ਕੀਤੀ ਗਈ। ਲੰਗਰਾਂ ਦੀ ਸੇਵਾ ਕਰਨ ਲਈ ਰਵਾਨਾ ਹੋਣ ਸਮੇਂ ਸੰਗਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਭਾਈ ਸਤਨਾਮ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੱਲੋਂ ਕੀਤੀ ਗਈ। ਇਸ ਮੌਕੇ ਵੱਡੀ ਤਾਦਾਦ ਵਿੱਚ ਲੰਗਰ ਵਾਸਤੇ ਰਸਦਾਂ ਵੀ ਭੇਜੀਆਂ ਗਈਆਂ।
ਇਸ ਸਮੇਂ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੇ ਜੋੜ ਮੇਲੇ ਮੌਕੇ ਸੰਤ ਬਾਬਾ ਸੋਭਾ ਸਿੰਘ ਜੀ ਦੇ ਅਸਥਾਨ ਤੇ ਸੰਗਤਾਂ ਲਈ ਦੇਸੀ ਘਿਓ ਦੀਆਂ ਜਲੇਬੀਆਂ ਅਤੇ ਹੋਰ ਕਈ ਪ੍ਰਕਾਰ ਦੇ ਲੰਗਰ ਲਗਾਏ ਜਾਣਗੇ। ਉਨਾਂ ਦੱਸਿਆ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਅੱਜ ਚਾਲੇ ਪਾਏ ਗਏ ਹਨ । ਉਹਨਾਂ ਦੱਸਿਆ ਕਿ ਜੋੜ ਮੇਲੇ ਮੌਕੇ ਲਗਾਤਾਰ ਤਿੰਨ ਦਿਨ ਲੰਗਰ ਚੱਲਣਗੇ ਜਿਸ ਪ੍ਰਤੀ ਸੰਗਤਾਂ ਵਿੱਚ ਭਾਰੀ ਸ਼ਰਧਾ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ।
ਜੋੜ ਮੇਲੇ ਮੌਕੇ 16 ਮਾਰਚ ਤੱਕ ਲਗਾਏ ਜਾਣ ਵਾਲੇ ਵਿਸ਼ਾਲ ਲੰਗਰਾਂ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਨਿਸ਼ਕਾਮ ਸੇਵਾ ਕਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਭਾਈ ਦਿਆਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ,ਕਰਨਜੀਤ ਸਿੰਘ ਆਹਲੀ ਕਥਾਵਾਚਕ ਗੁਰਦੁਆਰਾ ਸ੍ਰੀ ਬੇਰ ਸਾਹਿਬ, ਪ੍ਰਧਾਨ ਰਘਬੀਰ ਸਿੰਘ ਮਾਤਾ ਸੁਲੱਖਣੀ ਜੀ ਸੇਵਾ ਸੋਸਾਇਟੀ, ਡਾਕਟਰ ਗੁਰਦੇਵ ਸਿੰਘ, ਅਮਰਜੀਤ ਸਿੰਘ ,ਰੇਸ਼ਮ ਸਿੰਘ ,ਸੰਤੋਖ ਸਿੰਘ, ਗੁਰਦੀਪ ਸਿੰਘ ਮੰਗਾ, ਹਰਪ੍ਰੀਤ ਸਿੰਘ, ਜਗਤਾਰ ਸਿੰਘ ਤੁੜ, ਬਲਦੇਵ ਸਿੰਘ ਡਰਾਈਵਰ, ਪਿੰਕੂ ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।