Babushahi Special: ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਹੈ ਟੀਚਰਜ਼ ਹੋਮ ਬਠਿੰਡਾ ਦਾ ਸੁਨੇਹਾ
ਅਸ਼ੋਕ ਵਰਮਾ
ਬਠਿੰਡਾ,13 ਮਾਰਚ2025: ਟੀਚਰਜ਼ ਹੋਮ ਬਠਿੰਡਾ ਦਾ ਜਿਕਰ ਛਿੜਦਿਆਂ ਇੱਕ ਅਜਿਹੀ ਸੰਸਥਾ ਦਾ ਚਿਹਰਾ ਮੋਹਰਾ ਸਾਹਮਣੇ ਆ ਜਾਂਦਾ ਹੈ ਜਿੱਥੋਂ ਜਨਤਕ ਜੱਥੇਬੰਦੀਆਂ ਨਾਂ ਕੇਵਲ ਪ੍ਰੇਰਣਾ ਲੈਂਦੀਆਂ ਹਨ ਬਲਕਿ ਹੱਕਾਂ ਦੀ ਜਾਨ ਹੂਲਵੀਂ ਲੜਾਈ ਵੀ ਲੜੀ ਜਾਂਦੀ ਹੈ। ਇਹੋ ਕਾਰਨ ਹੈ ਕਿ ਟੀਚਰਜ਼ ਹੋਮ ਨੂੰ ਸੰਘਰਸ਼ੀ ਧਿਰਾਂ ਦਾ ਮੱਕਾ ਕਿਹਾ ਜਾਂਦਾ ਹੈ ਜਿਸ ਦਾ ਵਜ਼ੂਦ ਹੀ ਇੱਕਮੁੱਠ ਅਤੇ ਦ੍ਰਿੜ ਨਿਸਚੇ ਨਾਲ ਲੜੀ ਲੜਾਈ ਤੇ ਲੰਬੇ ਸੰਘਰਸ਼ ਉਪਰੰਤ ਹੋਂਦ ਵਿੱਚ ਆਇਆ ਸੀ । ਸਧਾਰਨ ਜਿਹੀ ਨਜ਼ਰ ਆਉਣ ਵਾਲੀ ਇਮਾਰਤ ਦੇ ਅੰਦਰ ਜਦੋਂ ਜਨਤਕ ਆਗੂ ਸਿਰ ਜੋੜ ਕੇ ਲੋਕ ਮਸਲਿਆਂ ਦਾ ਚਿੰਤਨ ਕਰਦੇ ਹਨ ਤਾਂ ਸੰਘਰਸ਼ਾਂ ਦਾ ਮੁੱਢ ਬੱਝਦਾ ਹੈ। ਇੱਥੇ ਹਰ ਦਿਨ ਕੋਈ ਨਾਂ ਕੋਈ ਮੀਟਿੰਗ ,ਕਾਨਫਰੰਸ ਜਾਂ ਸੈਮੀਨਾਰ ਹੁੰਦਾ ਰਹਿੰਦਾ ਹੈ ਜਿਸ ਦੌਰਾਨ ਹਮੇਸ਼ਾ ਨਿੱਜ ਤੋਂ ਉਪਰ ਉਠਕੇ ਭਵਿੱਖ ਦੀ ਸੋਚ ਅਤੇ ਨਕਸ਼ ਤਰਾਸ਼ੇ ਜਾਂਦੇ ਹਨ।
ਅਸਲ ਵਿੱਚ ਅਧਿਆਪਕ ਵਰਗ ਨੂੰ ਉਨ੍ਹਾਂ ਦੇ ਫਰਜ਼ਾਂ ਦੀ ਪਾਲਣਾ ਅਤੇ ਮਿਸ਼ਨਰੀ ਭਾਵਨਾ ਤਹਿਤ ਕੰਮ ਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ 28 ਅਪ੍ਰੈਲ 1956 ਨੂੰ ਪੈਪਸੂ ਦੇ ਤੱਤਕਾਲੀ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੇ ਟੀਚਰਜ਼ ਹੋਮ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰਜੈਕਟ ਨੂੰ ਮੁਕੰਮਲ ਕਰਨ ਵਿੱਚ ਉਸ ਵਕਤ ਡਿਪਟੀ ਕਮਿਸ਼ਨਰ ਮੁਨਸ਼ੀ ਰਾਮ, ਨਗਰ ਪਾਲਿਕਾ ਦੇ ਪ੍ਰਧਾਨ ਦੇਵ ਰਾਜ ਬਾਂਸਲ, ਐਡਵੋਕੇਟ ਮਲੂਕ ਸਿੰਘ, ਅਧਿਆਪਕ ਆਗੂ ਰਹੇ ਬਲਜੀਤ ਸਿੰਘ ਭੱਲਾ,ਪੰਜਾਬ ਸੁਬਾਰਡੀਨੇਟ ਸਰਵਿਸਜ਼ ਬੋਰਡ ਦੇ ਸਾਬਕਾ ਚੇਅਰਮੈਨ ਹੇਮ ਰਾਜ ਮਿੱਤਲ,ਗਿਆਨੀ ਭਾਗ ਸਿੰਘ,ਕਰਮ ਸਿੰਘ ਗਰੇਵਾਲ,ਲਾਲ ਸਿੰਘ ਬਰਾੜ,ਬੀਬੀ ਕੌਸ਼ੱਲਿਆ ਦੇਵੀ,ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ, ਕ੍ਰਿਪਾਲ ਸਿੰਘ ਤੇ ਗੁਰਬਚਨ ਸਿੰਘ ਦਿਵਾਨਾ(ਦੋਵੇਂ ਸਾਬਕਾ ਜਿਲ੍ਹਾ ਸਿੱਖਿਆ ਅਫਸਰ),ਅਧਿਆਪਕ ਆਗੂ ਜਗਮੋਹਨ ਕੌਸ਼ਲ, ਮਾ.ਕਰਤਾ ਰਾਮ ਜੈਤੋ,ਕਰਤਾਰ ਸਿੰਘ ਰੋਮਾਣਾ,ਪੱਤਰਕਾਰ ਕੁਲਵੰਤ ਰਾਏ ਗੁਪਤਾ ,ਹਰਨੇਕ ਸਿੰਘ ਗਿੱਲ ਅਤੇ ਜੰਗੀਰ ਸਿੰਘ ਜੈਤੋ ਦਾ ਅਹਿਮ ਯੋਗਦਾਨ ਰਿਹਾ ।
ਇਨ੍ਹਾਂ ਸ਼ਖਸ਼ੀਅਤਾਂ ਦੇ ਲੋਕਾਂ ਵਿੱਚ ਪ੍ਰਭਾਵ ਅਤੇ ਮਾਣ ਸਤਿਕਾਰ ਦਾ ਨਤੀਜਾ ਸੀ ਕਿ ਦਾਨੀ ਸੱਜਣਾ ਨੇ ਬਠਿੰਡਾ ਦੇ ਵਿਚਕਾਰ ਅਤੇ ਕੌਮੀ ਮਾਰਗ ਲਾਗੇ ਟੀਚਰਜ਼ ਹੋਮ ਬਨਾਉਣ ਲਈ 5 ਹਜ਼ਰਾਰ ਵਰਗ ਗਜ਼ ਜਮੀਨ ਦਾਨ ਵਿੱਚ ਦਿੱਤੀ ਸੀ ਜਿਸ ਦੀ ਮੌਜੂਦਾ ਕੀਮਤ ਕਰੋੜਾਂ ਵਿੱਚ ਹੈ। ਜਾਣਕਾਰੀ ਅਨੁਸਾਰ ਜਿਸ ਦਿਨ ਟੀਚਰਜ਼ ਹੋਮ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਉਸੇ ਦਿਨ ਹੀ ਸਮੁੱਚੇ ਅਧਿਆਪਕ ਵਰਗ ਦੇ ਮਸਲਿਆਂ , ਸਮੱਸਿਆਵਾਂ ਅਤੇ ਜਿੰਮੇਵਾਰੀਆਂ ਨੂੰ ਆਮ ਲੋਕਾਂ ਤੱਕ ਪੁੱਜਦੀਆਂ ਕਰਨ ਲਈ ‘ਅੱਜ ਦਾ ਅਧਿਆਪਕ’ ਨਾਮਿਕ ਮੈਗਜ਼ੀਨ ਦੀ ਸ਼ੁਰੂਆਤ ਵੀ ਕੀਤੀ ਗਈ ਸੀ। ਟੀਚਰਜ਼ ਹੋਮ ਦੀ ਬੁਨਿਆਦ ਸੰਘਰਸ਼ ਦਾ ਸਿੱਕਾ ਜਮਾਉਣ ਲਈ ਸੀ ਜਿਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਕੁੱਝ ਗੁੰਡਾ ਅਨਸਰਾਂ ਅਤੇ ਹਥਿਆਰਬੰਦ ਭੂਮਾਫੀਆ ਨੇ ਟੀਚਰਜ਼ ਹੋਮ ਦੇ ਨੀਂਹ ਪੱਥਰ ਨੂੰ ਪੱਟ ਦਿੱਤਾ ਅਤੇ ਇਸ ਬੇਸ਼ਕੀਮਤੀ ਜਗ੍ਹਾ ਤੇ ਕਬਜਾ ਕਰ ਲਿਆ।
ਇਸ ਘਟਨਾ ਪਿੱਛੇ ਜਦੋਂ ਡਿਪਟੀ ਕਮਿਸ਼ਨਰ ਦਾ ਕਥਿਤ ਹੱਥ ਹੋਣ ਸਬੰਧੀ ਰੌਲਾ ਪਿਆ ਤਾਂ ਸ਼ਹਿਰ ਵਾਸੀਆਂ ਨੇ ਅਜਿਹਾ ਮੋਰਚਾ ਖੋਹਲਿਆ ਅਤੇ ਸਰਕਾਰ ਨੂੰ ਬਠਿੰਡਾ ਪ੍ਰਸ਼ਾਸ਼ਨ ਦੇ ਇਸ ਰਸੂਖਵਾਨ ਅਧਿਕਾਰੀ ਦੀ ਬਦਲੀ ਕਰਨ ਲਈ ਮਜਬੂਰ ਕਰ ਦਿੱਤਾ। ਮੋਰਚਾ ਫਤਿਹ ਕਰਨ ਮਗਰੋਂ ਸੈਂਕੜੇ ਅਧਿਆਪਕਾਂ ਨੇ ਡਾਂਗਾਂ ਨਾਲ ਪਹਿਰੇਦਾਰੀ ਕੀਤੀ ਤੇ ਜਗ੍ਹਾ ਦੀ ਰਾਤੋ ਰਾਤ ਚਾਰ ਦਿਵਾਰੀ ਤੋਂ ਇਲਾਵਾ ਇੱਕ ਕਮਰੇ ਦੀ ਉਸਾਰੀ ਕਰਕੇ ਆਪਣਾ ਪੱਕਾ ਕਬਜਾ ਕਰ ਲਿਆ। ਇਸ ਕਾਰਵਾਈ ਤੋਂ ਨਰਾਜ਼ ਪ੍ਰਸ਼ਾਸ਼ਨ ਨੇ ਅਧਿਆਪਕ ਆਗੂ ਜਗਮੋਹਨ ਕੌਸ਼ਲ ਦੇ ਵਾਰੰਟ ਜਾਰੀ ਕਰਵਾ ਦਿੱਤੇ ਜਿਸ ਨਾਲ ਰੋਹ ਦਾ ਝੱਖੜ ਝੁੱਲ ਗਿਆ। ਪ੍ਰਸ਼ਾਸ਼ਨ ਦੇ ਇਸ ਵਤੀਰੇ ਖਿਲਾਫ ਉਦੋਂ ਦੇ ਜਿਲ੍ਹਾ ਸਿੱਖਿਆ ਅਫਸਰ ਗੁਰਬਚਨ ਸਿੰਘ ਦਿਵਾਨਾ ਵੱਲੋਂ ਪ੍ਰਗਟਾਏ ਸਖਤ ਰੋਸ ਅਤੇ ਲੋਕ ਤਾਕਤ ਦੇ ਦਬਾਅ ਕਾਰਨ ਤੱਤਕਾਲੀ ਸਪੀਕਰ ਅਤੇ ਵਕੀਲ ਭਾਈਚਾਰੇ ਦੀ ਹਾਜ਼ਰੀ ’ਚ ਵਰੰਟ ਵਾਪਿਸ ਲੈਣੇ ਪਏ ਸਨ।
ਰੌਚਕ ਪਹਿਲੂ ਇਹ ਵੀ ਹੈ ਕਿ ਹੁਣ ਦੇ ਕੁੱਝ ਅਧਿਕਾਰੀਆਂ ਵਾਂਗ ਲੀਡਰਾਂ ਦੀ ਜੀ ਹਜ਼ੁਰੀ ਕਰਨ ਦੀ ਬਜਾਏ ਉਸ ਵਕਤ ਦੇ ਡੀਪੀਆਈ ਸਕੂਲਜ਼ ਅਤੇ ਸਰਕਲ ਅਧਿਕਾਰੀ ਨੇ ਜਿਸ ਦਲੇਰਾਨਾ ਢੰਗ ਨਾਲ ਅਧਿਆਪਕਾਂ ਦੀ ਹਮਾਇਤ ਕੀਤੀ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਮਹੱਤਵਪੂਰਨ ਇਹ ਵੀ ਹੈ ਕਿ ਟੀਚਰਜ਼ ਹੋਮ ਉਸਾਰਨ ਦੀ ਜੰਗ ਇੱਥੇ ਹੀ ਖਤਮ ਨਹੀਂ ਹੋਈ ਬਲਕਿ ਵਿਰੋਧੀਆਂ ਨੇ ਇਸ ਦੀ ਉਸਾਰੀ ’ਤੇ ਰੋਕ ਲਵਾ ਦਿੱਤੀ ਜਿਸ ਨੂੰ ਹਟਾਉਣ ਲਈ ਭੂ ਮਾਫੀਆ ਅਤੇ ਪ੍ਰਸ਼ਾਸ਼ਨ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕਈ ਸਾਲ ਲੰਬੀ ਕਾਨੂੰਨੀ ਲੜਾਈ ਲੜਨੀ ਪਈ। ਇਸ ਲੜਾਈ ਦੌਰਾਨ ਸਾਬਕਾ ਜੱਜ ਤੇ ਕੇਂਦਰੀ ਕਾਨੂੰਨ ਮੰਤਰੀ ਜਗਨਨਾਂਥ ਕੌਸ਼ਲ,ਸਾਬਕਾ ਜੱਜ ਤੇ ਸਪੀਕਰ ਹਰਬੰਸ ਲਾਲ ਅਤੇ ਐਡਵੋਕੇਟ ਇੰਦਰਜੀਤ ਅਗਰਵਾਲ ਦਾ ਅਹਿਮ ਯੋਗਦਾਨ ਰਿਹਾ ਜਿੰਨ੍ਹਾਂ ਬਿਨਾਂ ਕੋਈ ਪਾਈ ਪੈਸਾ ਲਿਆਂ ਬਿਲਕੁਲ ਮੁਫਤ ਸਹਾਇਤਾ ਕੀਤੀ ਸੀ।
ਟੀਚਰਜ਼ ਹੋਮ ਦਾ ਦਾਇਰਾ
ਟੀਚਰਜ਼ ਹੋਮ ’ਚ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ ਹਾਲ ਤੋਂ ਇਲਾਵਾ ਲਾਲਾ ਹਰਦਿਆਲ ਲਾਇਬਰੇਰੀ, ਸਮਾਗਮ ਕਰਵਾਉਣ ਲਈ ਸਟੇਜ਼ ਅਤੇ ਹਾਲ ਅਤੇ ਮੈਗਜ਼ੀਨ ‘ਬੁਨਿਆਦ’ ਦਾ ਦਫਤਰ ਵੀ ਹੈ। ਟੀਚਰਜ਼ ਹੋਮ ਦੀ ਜਗ੍ਹਾ ’ਚ ਬਣੀਆਂ ਦੁਕਾਨਾਂ ਆਮਦਨ ਦਾ ਸਾਧਨ ਹਨ। ਟੀਚਰਜ਼ ਹੋਮ ਟਰੱਸਟ ਕਈ ਤਰਾਂ ਦੇ ਸਮਾਜਸੇਵੀ ਕਾਰਜ ਵੀ ਕਰਦਾ ਰਹਿੰਦਾ ਹੈ। ਮ੍ਰਿਤਕ ਅਧਿਆਪਕਾਂ ਦੇ ਬੱਚਿਆਂ ਨੂੰ ਆਰਥਿਕ ਸਹਾਇਤਾ ਅਤੇ ਉੱਚ ਸਿੱਖਿਆ ਹਾਸਲ ਕਰਨ ਵਾਸਤੇ ਵੀ ਉਪਰਾਲੇ ਕੀਤੇ ਜਾਂਦੇ ਹਨ।
ਇਮਾਰਤ ਨਹੀਂ ਜਜਬਾ ਟੀਚਰਜ਼ ਹੋਮ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਟੀਚਰਜ਼ ਹੋਮ ਇਮਾਰਤ ਨਹੀਂ ਸਗੋਂ ਜਜਬਾ ਹੈ ਜਿੱਥੇ ਹਰ ਵਰਗ ਦੀਆਂ ਜੱਥੇਬੰਦੀਆਂ ਲੋਕ ਹਿੱਤਾਂ ਤੇ ਪਹਿਰਾ ਦੇਣ ਲਈ ਸਿਜ਼ਦਾ ਕਰਦੀਆਂ ਹਨ ਜਿਸ ਕਰਕੇ ਇਹ ਸੰਘਰਸ਼ੀ ਧਿਰਾਂ ਦਾ ਮੱਕਾ ਅਖਵਾਉਂਦਾ ਹੈ।