ਪੰਚਾਇਤ ਘਰ ਘੁਮਾਣ, ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਲੋਕਾਂ ਦੀਆਂ ਮੌਕੇ ’ਤੇ ਮੁਸ਼ਕਿਲਾਂ ਹੱਲ ਕਰਨ ਲਈ ਲੱਗਾ ਵਿਸ਼ੇਸ ਕੈਂਪ
ਰੋਹਿਤ ਗੁਪਤਾ
ਘੁਮਾਣ (ਬਟਾਲਾ), 13 ਮਾਰਚ 2025 - ਪੰਜਾਬ ਸਰਾਕਰ ਵਲੋਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਮੁਸ਼ਕਿਲਾਂ ਹੱਲ ਕਰਨ ਦੇ ਮੰਤਵ ਨਾਲ ਅੱਜ ਪੰਚਾਇਤ ਘਰ, ਘੁਮਾਣ, ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ, ਜਿਸ ਵਿੱਚ ਬਾਲ ਵਿਕਾਸ ਵਿਭਾਗ, ਮਾਲ ਵਿਭਾਗ, ਫੂਡ ਸਪਲਾਈ ਵਿਭਾਗ, ਸੇਵਾ ਕੇਂਦਰ ਦੇ ਕਰਮਚਾਰੀ ਅਤੇ ਵਾਟਰ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਆਦਿ ਦੇ ਅਧਿਕਾਰੀ ਪਹੁੰਚੇ। ਇਸ ਮੌਕੇ ਸੁਖਜੀਤ ਕੌਰ, ਬੀ.ਡੀ.ਪੀ.ਓ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਅਮਰੀਕ ਸਿੰਘ ਗੋਲਡੀ ਭਰਾਤਾ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਮੌਜੂਦ ਸਨ।
ਇਸ ਮੌਕੇ ਬੀ.ਡੀ.ਪੀ.ਓ ਸੁਖਜੀਤ ਕੌਰ, ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਇੱਕ ਛੱਤ ਹੇਠ ਵੱਖ-ਵੱਖ ਸੇਵਾਵਾਂ ਦਾ ਲਾਭ ਪੁਜਦਾ ਕਰਨ ਦੇ ਮੰਤਵ ਨਾਲ ਵਿਸ਼ੇਸ ਕੈਂਪ ਲਗਾਇਆ ਗਿਆ। ਜਿਸ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ, ਜਿਨਾਂ ਵਿੱਚ ਕੁਝ ਦਾ ਮੌਕੇ ’ਤੇ ਹੱਲ ਕਰ ਦਿੱਤਾ ਗਿਆ ਅਤੇ ਬਾਕੀ ਮੁਸ਼ਕਿਲਾਂ ਦਾ ਵੀ ਛੇਤੀ ਨਿਪਟਾਰਾ ਕਰਨ ਲਈ ਕਿਹਾ।
ਇਸ ਮੌਕੇ ਲੋਕਾਂ ਵਲੋਂ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਲੋਕਾਂ ਨੂੰ ਦੂਰ-ਢੁਰਾਢੇ ਜਾਣ ਤੋਂ ਨਿਜਾਤ ਮਿਲਦੀ ਹੈ ਤੇ ਵੱਖ-ਵੱਖ ਮੁਸ਼ਕਿਲਾਂ ਸੁਣਨ ਲਈ ਵਿਭਾਗਾਂ ਦੇ ਅਧਿਕਾਰੀ ਉਨਾਂ ਤੱਕ ਪਹੁੰਚ ਕਰਦੇ ਹਨ।
ਇਸ ਮੌਕੇ ਪੰਚਾਇਤ ਸੈਕਟਰੀ ਸੁਮਨਬੀਰ ਸਿੰਘ, ਜੇ ਈ ਵਾਟਰ ਸਪਲਾਈ ਵਿਭਾਗ ਜਗਜੀਤ ਸਿੰਘ, ਘੱਟ ਗਿਣਤੀਆਂ ਵਿਭਾਗ ਤੋਂ ਮਦਨ ਲਾਲ, ਗੁਰਪ੍ਰੀਤ ਸਿੰਘ ਸੇਵਾ ਕੇਂਦਰ, ਸਰਪੰਚ ਨਰਿੰਦਰ ਕੌਰ ਘੁਮਾਣ, ਸਰਪੰਚ ਮਨਜੀਤ ਸਿੰਘ ਵਾੜੇ, ਬਲਜੀਤ ਕੌਰ ਸੁਪਰਵਾਈਜ਼ਰ ਸੀ ਡੀ ਪੀਓ ਦਫ਼ਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਪਟਵਾਰੀ ਸਾਹਿਬ ਸਿੰਘ ਆਦਿ ਮੌਜੂਦ ਸਨ।