ਆਪਣੇ ਹੱਕ ਲਈ ਲੜਾਈ ਲੜਨ ਵਾਲਿਆਂ ਨੂੰ ਗੱਭਰੂ ਹੋਣ 'ਤੇ ਹਾਈਕੋਰਟ ਨੇ ਦਿੱਤਾ ਨਿਆਂ
ਅਸ਼ੋਕ ਵਰਮਾ
ਬਠਿੰਡਾ,13ਮਾਰਚ2025: ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪਹਿਲੀ ਪੇਸ਼ੀ ਦੌਰਾਨ ਹੀ ਉਨ੍ਹਾਂ ਦੋ ਗੱਭਰੂਆਂ ਨੂੰ ਇਨਸਾਫ ਮਿਲਿਆ ਹੈ ਜਿਨ੍ਹਾਂ ਦੇ ਮਾਪਿਆਂ ਵੱਲੋਂ 37 ਸਾਲ ਪਹਿਲਾਂ ਇੰਨ੍ਹਾਂ ਦੇ ਨਾਬਾਲਿਗ ਹੁੰਦਿਆਂ ਕਿਰਾਏ ਤੇ ਦਿੱਤੀ ਦੁਕਾਨ ਨੂੰ ਵਾਪਿਸ ਲੈਣ ਵਾਸਤੇ ਕਾਨੂੰਨੀ ਜੰਗ ਸ਼ੁਰੂ ਕੀਤੀ ਸੀ। ਮਾਮਲਾ ਸ਼ਹਿਰ ਦੇ ਪਾਸ਼ ਇਲਾਕੇ ਕਿੱਕਰ ਬਜ਼ਾਰ ਵਿੱਚ ਕਿਰਾਏ ਤੇ ਦਿੱਤੀ ਇੱਕ ਦੁਕਾਨ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਬਠਿੰਡਾ ਦੇ ਕਿੱਕਰ ਬਾਜ਼ਾਰ ਨਿਵਾਸੀ ਸੁਰਿੰਦਰ ਕੁਮਾਰ ਅਤੇ ਸੋਨੂੰ ਮਹੇਸ਼ਵਰੀ ਨੇ ਰੈਂਟ ਕੰਟਰੋਲ ਅਥਾਰਟੀ ਅੱਗੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਸਵਰਗੀ ਮਾਂ ਨੇ ਕਿੱਕਰ ਬਾਜ਼ਾਰ ਵਿੱਚ ਉਨ੍ਹਾਂ ਦੀ ਇੱਕ ਦੁਕਾਨ 1988 ਵਿੱਚ ਟਰੰਕਾਂ ਅਤੇ ਪੇਟੀਆਂ ਦੇ ਕਾਰੋਬਾਰ ਲਈ ਕਿਰਪਾਲ ਸਿੰਘ ਨੂੰ ਕਿਰਾਏ ’ਤੇ ਦਿੱਤੀ ਸੀ।
ਜਦੋਂ ਦੁਕਾਨ ਕਿਰਾਏ ’ਤੇ ਦਿੱਤੀ ਗਈ ਤਾਂ ਉਦੋਂ ਸੁਰਿੰਦਰ ਕੁਮਾਰ ਅਤੇ ਸੋਨੂੰ ਮਹੇਸ਼ਵਰੀ ਨਾਬਾਲਗ ਸਨ। ਕੱੁਝ ਸਮੇਂ ਬਾਅਦ ਕਿਰਾਏਦਾਰ ਕਿਰਪਾਲ ਸਿੰਘ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਉਸਦੇ ਤਿੰਨ ਪੁੱਤਰ ਕਿਰਾਏਦਾਰਾਂ ਵਜੋਂ ਕਿਰਾਇਆ ਦਿੰਦੇ ਰਹੇ। ਇਸੇ ਦੌਰਾਨ ਸਾਲ 2012 ਵਿੱਚ, ਮਕਾਨ ਮਾਲਕਾਂ ਸੁਰਿੰਦਰ ਕੁਮਾਰ ਅਤੇ ਸੋਨੂੰ ਮਹੇਸ਼ਵਰੀ ਨੇ ਅਦਾਲਤ ਵਿੱਚ ਇੱਕ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਉਹ ਹੁਣ ਇਸ ਦੁਕਾਨ ਵਿੱਚ ਖੁਦ ਕੰਮ ਕਰਨਾ ਚਾਹੁੰਦੇ ਹਨ। ਕੇਸ ਦੀ ਸੁਣਵਾਈ ਦੌਰਾਨ, ਮਕਾਨ ਮਾਲਕਾਂ ਤਰਫੋਂ ਪ੍ਰਸਿੱਧ ਵਕੀਲ ਜੈਦੀਪ ਨਈਅਰ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਅਤੇ ਗਵਾਹਾਂ ਦੇ ਆਧਾਰ ’ਤੇ, ਰੈਂਟ ਕੰਟਰੋਲ ਅਥਾਰਟੀ ਦੇ ਮਾਣਯੋਗ ਜੱਜ ਵਿਕਰਾਂਤ ਕੁਮਾਰ ਨੇ ਮਕਾਨ ਮਾਲਕਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਕਿਰਾਏਦਾਰਾਂ ਨੂੰ ਦੁਕਾਨ ਖਾਲੀ ਕਰਨ ਦਾ ਹੁਕਮ ਦਿੱਤਾ ਸੀ।
ਤਿੰਨ ਕਿਰਾਏਦਾਰ ਭਰਾਵਾਂ ਵਿੱਚੋਂ, ਦੋ ਕਿਰਾਏਦਾਰਾਂ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ, ਜਦੋਂ ਕਿ ਇੱਕ ਕਿਰਾਏਦਾਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਅਤੇ ਅਪੀਲੈਂਟ ਅਥਾਰਟੀ, ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਪੀਲ ਦਾਇਰ ਕਰ ਦਿੱਤੀ। ਇਸ ਅਪੀਲ ਵਿੱਚ ਵੀ, ਮਕਾਨ ਮਾਲਕਾਂ ਵੱਲੋਂ ਪੇਸ਼ ਹੋਏ ਵਕੀਲ ਜੈਦੀਪ ਨਾਇਰ ਦੀਆਂ ਦਲੀਲਾਂ ਤੋਂ ਬਾਅਦ, ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਮੋਨਿਕਾ ਲਾਂਬਾ ਨੇ ਕਿਰਾਏਦਾਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਦੁਕਾਨ ਖਾਲੀ ਕਰਨ ਅਤੇ ਇਸਨੂੰ ਮਕਾਨ ਮਾਲਕਾਂ ਨੂੰ ਸੌਂਪਣ ਦਾ ਹੁਕਮ ਜਾਰੀ ਕਰ ਦਿੱਤਾ। ਕਿਰਾਏਦਾਰ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਮਕਾਨ ਮਾਲਕਾਂ ਵੱਲੋਂ ਸੀਨੀਅਰ ਵਕੀਲ ਐਚਸੀ ਅਰੋੜਾ ਅਤੇ ਜੈਦੀਪ ਵਰਮਾ ਹਾਈ ਕੋਰਟ ਵਿੱਚ ਪੇਸ਼ ਹੋਏ ਸਨ।
ਮਹੱਤਵਪੂਰਨ ਤੱਥ ਹੈ ਕਿ ਹਾਈ ਕੋਰਟ ਵਿੱਚ ਅਪੀਲ ਦੀ ਸੁਣਵਾਈ ਦੇ ਪਹਿਲੇ ਹੀ ਦਿਨ, ਮਾਣਯੋਗ ਜਸਟਿਸ ਨਿਧੀ ਗੁਪਤਾ ਨੇ ਕਿਰਾਏਦਾਰ ਨੂੰ ਝਟਕਾ ਦਿੰਦੇ ਹੋਏ ਇੱਕ ਸਾਲ ਦੇ ਅੰਦਰ ਦੁਕਾਨ ਖਾਲੀ ਕਰਨ ਅਤੇ ਇਸਨੂੰ ਮਕਾਨ ਮਾਲਕ ਨੂੰ ਸੌਂਪਣ ਦਾ ਹੁਕਮ ਜਾਰੀ ਕਰ ਦਿੱਤਾ। ਇਹੋ ਹੀ ਨਹੀਂ ਹਾਈ ਕੋਰਟ ਨੇ ਕਿਰਾਏਦਾਰ ਨੂੰ ਦੁਕਾਨ ਨਾਲ ਸਬੰਧਤ ਸਾਰੀਆਂ ਦੇਣਦਾਰੀਆਂ ਜਿਵੇਂ ਕਿ ਬਿਜਲੀ, ਪਾਣੀ, ਕਿਰਾਇਆ ਆਦਿ ਦਾ ਭੁਗਤਾਨ ਕਰਨ ਦੇ ਹੁਕਮ ਵੀ ਦਿੱਤੇ ਹਨ ਅਤੇ ਕਿਰਾਏਦਾਰ ਵੱਲੋਂ ਦਾਇਰ ਕੀਤੀ ਗਈ ਅਪੀਲ ਰੱਦ ਕਰ ਦਿੱਤੀ। ਮਕਾਨ ਮਾਲਕਾਂ ਸੁਰਿੰਦਰ ਕੁਮਾਰ ਅਤੇ ਸੋਨੂੰ ਮਹੇਸ਼ਵਰੀ ਨੇ ਮਾਣਯੋਗ ਜ਼ਿਲ੍ਹਾ ਅਦਾਲਤ ਅਤੇ ਹਾਈ ਕੋਰਟ ਦੇ ਹੁਕਮਾਂ ਦਾ ਦਿਲੋਂ ਸਵਾਗਤ ਕਰਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਉਨ੍ਹਾਂ ਦਾ ਨਿਆਂ ਪ੍ਰਣਾਲੀ ’ਚ ਭਰੋਸਾ ਮਜਬੂਤ ਹੋਇਆ ਹੈ।