MLA ਗਰੇਵਾਲ ਦੇ ਯਤਨਾ ਸਦਕਾ ਹਲਕਾ ਪੂਰਬੀ 'ਚ ਲੱਗਣਗੀਆਂ 50 ਲੱਖ ਦੀ ਲਾਗਤ ਨਾਲ ਹਾਈ ਮਾਸਕ ਲਾਈਟਾਂ
- ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਆਪਣੇ ਕੋਟੇ 'ਚੋਂ ਕੀਤਾ ਫੰਡ ਜਾਰੀ
- ਇਨ੍ਹਾਂ ਲਾਈਟਾਂ ਦੇ ਲੱਗਣ ਨਾਲ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਮਿਲੇਗਾ ਛੁਟਕਾਰਾ - ਦਲਜੀਤ ਸਿੰਘ ਭੋਲਾ ਗਰੇਵਾਲ
ਸੁਖਮਿੰਦਰ ਭੰਗੂ
ਲੁਧਿਆਣਾ, 13 ਮਾਰਚ 2025 - ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਹਲਕੇ ਵਿੱਚ ਲੱਗਣ ਜਾ ਰਹੀਆਂ ਹਾਈ ਮਾਸਕ ਲਾਈਟਾਂ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਧੰਨਵਾਦੀ ਹਨ ਜਿਨ੍ਹਾਂ ਵੱਲੋਂ ਹਲਕਾ ਪੂਰਬੀ ਵਿੱਚ ਹਾਈ ਮਾਸਕ ਲਾਈਟਾਂ ਲਗਾਉਣ ਲਈ ਆਪਣੇ ਕੋਟੇ ਵਿੱਚੋਂ ਫੰਡ ਜਾਰੀ ਕੀਤਾ। ਉਹਨਾਂ ਕਿਹਾ ਕਿ ਹਲਕੇ ਵਿੱਚ ਕੁੱਝ ਸੰਵੇਦਨਸ਼ੀਲ ਪੁਆਇੰਟ ਤੈਅ ਕੀਤੇ ਗਏ ਹਨ ਜਿੱਥੇ ਰਾਹਗੀਰਾਂ ਨੂੰ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਲੁਟੇਰਿਆਂ ਵੱਲੋਂ ਸ਼ਿਕਾਰ ਬਣਾਇਆ ਜਾਂਦਾ ਸੀ ਅਤੇ ਉਹ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਸਨ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੁੱਟਾਂ ਖੋਹਾਂ ਅਤੇ ਹੋਰ ਕ੍ਰਾਈਮ ਨੂੰ ਨੱਥ ਪਾਉਣ ਲਈ ਹਾਈ ਮਾਸਕ ਲਾਈਟਾਂ ਲਗਾਉਣ ਦਾ ਫੈਸਲਾ ਲਿਆ ਗਿਆ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਇਹ ਮਸਲਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਧਿਆਨ ਵਿੱਚ ਲਿਆਂਦਾ ਗਿਆ, ਉਹਨਾਂ ਵੱਲੋਂ ਫੌਰੀ ਤੌਰ 'ਤੇ ਫੈਸਲਾ ਲੈਂਦੇ ਹੋਏ ਹਾਈ ਮਾਸਕ ਲਾਈਟਾਂ ਲਗਾਉਣ ਲਈ ਫੰਡ ਜਾਰੀ ਕਰ ਦਿੱਤਾ ਗਿਆ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅਧੀਨ ਆਉਂਦੀ ਬਾਲਾ ਜੀ ਪੁਲੀ, ਸੁਭਾਸ਼ ਨਗਰ, ਤਾਜਪੁਰ ਰੋਡ, ਗੀਤਾ ਨਗਰ, ਟਿੱਬਾ ਰੋਡ, ਵਿਜੇ ਨਗਰ ਪੁਲੀ ਤੋਂ ਇਲਾਵਾ ਹੋਰਨਾ ਇਲਾਕਿਆਂ ਵਿੱਚ ਹਾਈ ਮਾਸਕ ਲਾਈਟਾਂ ਨੂੰ ਲਗਾਇਆ ਜਾਵੇਗਾ ਜਿਸ ਨਾਲ ਜਿੱਥੇ ਇਲਾਕਾ ਵਾਸੀ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਰਾਹਗੀਰ ਵੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਕੌਸ਼ਲਰ ਅਸ਼ਵਨੀ ਸ਼ਰਮਾ, ਕੋਸ਼ਲਰ ਸੁੱਖਮੇਲ ਗਰੇਵਾਲ, ਵਿਪਨ ਵੈਦ, ਅਮਰ ਮਕੌੜੀ, ਅੰਕੁਰ ਗੁਲਾਟੀ, ਮਨਜੀਤ ਸਿੰਘ, ਮਨਵੀਰ ਸੰਧ{, ਬਿੱਟੂ ਅਰੌੜਾ, ਪਰਵਿੰਦਰ ਗਿੱਦਰਾਂ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।