ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਤੇ ਗ੍ਰਿਫਤਾਰ ਕਰਨ ਖਿਲਾਫ ਰੋਸ ਵਜੋਂ ਪੁਤਲਾ ਫੂਕਿਆ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 4 ਮਾਰਚ 2025: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 5 ਮਾਰਚ ਨੂੰ ਭਾਰਤ ਵਿਆਪੀ ਰਾਜਧਾਨੀਆਂ ਚ ਪੱਕੇ ਮੋਰਚੇ ਐਲਾਨ ਤੇ ਰਾਜਧਾਨੀ ਚੰਡੀਗੜ੍ਹ ਮੋਰਚੇ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਮੀਟਿੰਗ ਸੱਦ ਕੇ ਅੱਧ ਵਿਚਕਾਰੋਂ ਛੱਡ ਕੇ ਭੱਜਣ ਅਤੇ ਤਲਖ਼ੀ ਵਿਚ ਆ ਕੇ ਮੋਰਚੇ ਨੂੰ ਸਾਬੋਤਾਜ ਕਰਨ ਛਾਪੇਮਾਰੀ, ਗਿਰਫ਼ਤਾਰੀਆਂ ਦੇ ਦੌਰ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਰੋਸ ਵਜੋਂ ਬਲਾਕ ਲੰਬੀ ਦੇ ਪਿੰਡ ਸਿੱਖ ਵਾਲਾ, ਕੱਖਾਂ ਵਾਲੀ ਬਲਾਕ ( ਗਿੱਦੜਬਾਹਾ) ਦੇ ਪਿੰਡ ਮੱਲਣ ਬਲਾਕ ( ਮੁਕਤਸਰ ) ਦੇ ਪਿੰਡ ਭਾਗਸਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਤੇ ਵੱਡੀ ਗਿਣਤੀ ਇੱਕਠੇ ਹੋਏ ਕਿਸਾਨਾਂ, ਮਜ਼ਦੂਰਾਂ ਸਮੇਤ ਔਰਤਾਂ ਨੇ ਨਾਅਰੇ ਬਾਜ਼ੀ ਵੀ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਪੰਜਾਬ ਦੀ ਬਦਲਾਅ ਸਰਕਾਰ ਦੇ ਮੁੱਖ ਮੰਤਰੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਪਹਿਲੀ ਵਾਰ ਕਿ ਜਦੋਂ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਚੰਡੀਗੜ੍ਹ ਮੀਟਿੰਗ ਸੱਦ ਕੇ ਭੱਜ ਜਾਣਾ ਇਸ ਤੋਂ ਸਹਿਜੇ ਪਤਾ ਲੱਗ ਗਿਆ ਕਿ ਪੰਜਾਬ ਸਰਕਾਰ ਦਿੱਲੀ ਸਰਕਾਰ ਦੇ ਕਦਮਾਂ ਤੇ ਚੱਲ ਰਹੀ ਜਿਸ ਨੂੰ ਪੰਜਾਬ ਦੇ ਕਿਰਤੀ ਲੋਕ ਕਿਸਾਨ ਮਜ਼ਦੂਰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਭਲਕੇ ਚੰਡੀਗੜ੍ਹ ਨੂੰ ਹਰ ਹਾਲਤ ਵਿੱਚ ਕਾਫਲੇ ਜਾਣਗੇ ਪੰਜਾਬ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।