ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਪੰਜਾਬ ਦਾ ਭਵਿੱਖ: ਤੌਖਲੇ, ਆਸਾਂ ਅਤੇ ਯੋਜਨਾਵਾਂ’ ਵਿਸ਼ੇ ਤੇ ਕੌਮੀ ਸੈਮੀਨਾਰ ਸਮਾਪਤ
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2025:ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵੱਲੋਂ 10 ਅਤੇ 11 ਜਨਵਰੀ, 2025 ਨੂੰ “ਕਰਕ ਕਲੇਜੇ ਮਾਹਿ - ਪੰਜਾਬ ਦਾ ਭਵਿੱਖ: ਤੌਖਲੇ, ਆਸਾਂ ਅਤੇ ਯੋਜਨਾਵਾਂ” ਵਿਸ਼ੇ ‘ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਪ੍ਰਧਾਨਗੀ ਹੇਠ ਹੋਏ ਇਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਵਿਦਵਾਨਾਂ ਨੇ ਪੰਜਾਬ ਦੀਆਂ ਸਮਕਾਲੀ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਚੰਗੇਰੇ ਭਵਿੱਖ ਲਈ ਸੁਝਾਅ ਪੇਸ਼ ਕੀਤੇ।
ਇਹ ਸੈਮੀਨਾਰ ਪੰਜਾਬ ਕਲਾ ਪਰਿਸ਼ਦ ਵੱਲੋਂ ‘ਪੰਜਾਬ ਨਵ-ਸਿਰਜਣਾ’ ਪ੍ਰੋਗਰਾਮਾਂ ਦੀ ਲੜੀ ਅਧੀਨ ਮਹਿੰਦਰ ਸਿੰਘ ਰੰਧਾਵਾ, ਸੁਰਜੀਤ ਪਾਤਰ ਅਤੇ ਮਾਤ ਭਾਸ਼ਾ ਨੂੰ ਸਮਰਪਿਤ 2 ਫਰਵਰੀ ਤੋਂ 29 ਮਾਰਚ ਤੱਕ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਦੇ ਹਿੱਸੇ ਵਜੋਂ ਕਰਵਾਇਆ ਗਿਆ। ਸਮੁੱਚੇ ਰੂਪ ਵਿੱਚ ਪੰਜਾਬ ਦੇ ਆਰਥਿਕ ਰਾਜਨੀਤਿਕ, ਸਮਾਜਿਕ, ਸਾਹਿਤਕ ਅਤੇ ਦਾਰਸ਼ਨਿਕ ਮਸਲਿਆਂ ਬਾਰੇ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀ ਤੋਂ ਕੀਤਾ ਗਿਆ ਚਿੰਤਨ ਇਸ ਸੈਮੀਨਾਰ ਦੀ ਮੂਲ ਪ੍ਰਾਪਤੀ ਰਹੀ।
ਪੰਜਾਬ ਨੂੰ ਇਸਦੀਆਂ ਗੌਰਵਮਈ ਪਰੰਪਰਾਵਾਂ ਦੀ ਰੌਸ਼ਨੀ ਵਿੱਚ ਪੁਨਰ-ਸੁਰਜੀਤ ਕਰਨ ਦਾ ਅਹਿਦ ਲਿਆ ਗਿਆ। ਆਰਟੀਫਿਸ਼ਲ ਇਟੈਲੀਜੈਂਸ ਦੇ ਯੁੱਗ ਵਿੱਚ ਪੰਜਾਬੀ ਭਾਸ਼ਾ ਨੂੰ ਏ.ਆਈ. ਦੇ ਸਮਰੱਥ ਬਣਾਉਣ ਅਤੇ ਵਿਸ਼ਵ ਦੇ ਹਰ ਕੋਨੇ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸੰਵਾਦ ਤੇ ਸੰਚਾਰ ਸਥਾਪਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਇਸੇ ਤਰ੍ਹਾਂ ਪੰਜਾਬ ਨੂੰ ਕੇਵਲ ਭੂਗੋਲਿਕ ਤੇ ਭਾਸ਼ਾਈ ਹੱਦਬੰਦੀਆਂ ਤੱਕ ਮਹਿਦੂਦ ਰੱਖ ਕੇ ਦੇਖਣ ਦੀ ਥਾਂ ਇਸ ਦੇ ਵਡੇਰੇ ਦਾਰਸ਼ਨਿਕ ਪਰਿਪੇਖ ਵਿੱਚ ਰੱਖਣ ਦੇ ਸੰਕਲਪ ਤੇ ਵਿਚਾਰ ਕੀਤਾ ਗਿਆ।
ਇਸਦੇ ਨਾਲ ਹੀ ਪੰਜਾਬ ਦੇ ਪੌਣ-ਪਾਣੀ ਦੀ ਸਵੱਛਤਾ, ਸਮਾਜਿਕ ਤੇ ਭਾਈਚਾਰਕ ਮੇਲ-ਜੋਲ, ਤਕਨੀਕੀ ਸਮਰੱਥਾ ਵਿਕਸਿਤ ਕਰਨ ਅਤੇ ਪੰਜਾਬੀ ਬੰਦੇ ਦੇ ਉੱਚੇ-ਸੁੱਚੇ ਚਰਿੱਤਰ ਨਿਰਮਾਣ ਲਈ ਭਵਿੱਖਮੁਖੀ ਕਾਰਜ ਯੋਜਨਾ ਤੇ ਵਿਚਾਰ ਕੀਤਾ ਗਿਆ।
ਉਦਘਾਟਨੀ ਸੈਸ਼ਨ ਵਿੱਚ ਪ੍ਰਸਿੱਧ ਪੰਜਾਬੀ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਕੁੰਜੀਵਤ ਭਾਸ਼ਣ ਦਿੱਤਾ, ਜਦੋਂ ਕਿ ਸ. ਜਸਵੰਤ ਜ਼ਫ਼ਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਅਤੇ ਸ. ਸਵਰਨਜੀਤ ਸਵੀ, ਚੇਅਰਮੈਨ, ਪੰਜਾਬ ਕਲਾ ਪਰਿਸ਼ਦ ਅਤੇ ਡਾ. ਯੋਗਰਾਜ ਅੰਗਰੀਸ਼, ਉਪ-ਚੇਅਰਮੈਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਵਿੱਚ ਸਮਾਜ-ਸਭਿਆਚਰਕ, ਆਰਥਿਕ, ਰਾਜਨੀਤਿਕ ਅਤੇ ਇਤਿਹਾਸਿਕ ਸਰੋਕਾਰਾਂ/ਸੰਕਟਾਂ ਦੇ ਸੰਦਰਭ ਵਿੱਚ ਵਿਚਾਰ ਚਰਚਾ ਕੀਤੀ ਗਈ ਜਿਸ ਦੌਰਾਨ ਪ੍ਰੋ. ਈਸ਼ਵਰ ਦਿਆਲ ਗੌੜ, ਪ੍ਰੋ. ਰਣਜੀਤ ਸਿੰਘ ਘੁੰਮਣ, ਪ੍ਰੋ. ਜਗਮੀਤ ਬਾਵਾ ਅਤੇ ਪ੍ਰੋ. ਪ੍ਰਿਯਤੋਸ਼ ਸ਼ਰਮਾ ਆਪੋ-ਆਪਣੇ ਅਨੁਸ਼ਾਸਨ ਦੀ ਦ੍ਰਿਸ਼ਟੀ ਤੋਂ ਪੰਜਾਬ ਦੇ ਭਵਿੱਖ ਬਾਰੇ ਪਰਚੇ ਪੇਸ਼ ਕੀਤੇ।
ਭਾਸ਼ਾਈ, ਸਾਹਿਤਕ ਅਤੇ ਮੀਡੀਆ ਸਬੰਧੀ ਸਰੋਕਾਰਾਂ ਦੇ ਹਵਾਲੇ ਨਾਲ ਹੋਏ ਦੂਜੇ ਅਕਾਦਮਿਕ ਸੈਸ਼ਨ ਵਿੱਚ ਪ੍ਰੋ. ਬੂਟਾ ਸਿੰਘ ਬਰਾੜ, ਪ੍ਰੋ. ਰਾਜਿੰਦਰਪਾਲ ਬਰਾੜ, ਪ੍ਰੋ. ਕੁਲਵੀਰ ਗੋਜਰਾ ਅਤੇ ਡਾ. ਪਰਵਿੰਦਰ ਸਿੰਘ ਨੇ ਸ਼ੋਸ਼ਲ ਮੀਡੀਆ, ਮਸਨੂਈ ਬੁੱਧੀ ਅਤੇ ਭਾਸ਼ਾ ਦੇ ਤਕਨੀਕੀ ਵਿਕਾਸ ਬਾਰੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੇ ਦੂਜੇ ਦਿਨ ਮੱਧਕਾਲੀ ਅਤੇ ਆਧੁਨਿਕ ਪੰਜਾਬੀ ਸਾਹਿਤ ਤੋਂ ਪ੍ਰਾਪਤ-ਅੰਤਰ ਦ੍ਰਿਸ਼ਟੀਆਂ ਤੇ ਕੇਂਦਰਤ ਤੀਸਰੇ ਅਕਾਦਮਿਕ ਸੈਸ਼ਨ ਵਿੱਚ ਡਾ. ਮਨਜਿੰਦਰ ਸਿੰਘ, ਡਾ. ਨਰੇਸ਼ ਕੁਮਾਰ, ਡਾ. ਕੁਲਦੀਪ ਸਿੰਘ, ਡਾ. ਪ੍ਰਵੀਨ ਕੁਮਾਰ ਡਾ. ਨੀਤੂ ਅਤੇ ਡਾ. ਸੁਖਮਨਪ੍ਰੀਤ ਕੌਰ ਨੇ ਗੁਰਮਤਿ, ਸੂਫ਼ੀ ਅਤੇ ਆਧੁਨਿਕ ਸਾਹਿਤ ਦੇ ਪ੍ਰਸੰਗ ਵਿੱਚ ਪੰਜਾਬ ਦੀਆਂ ਸਮਕਾਲੀ ਸਮੱਸਿਆਵਾਂ ਨੂੰ ਸਮਝਣ ਦੀ ਗੱਲ ਕੀਤੀ। ਅੰਤਰ-ਅਨੁਸ਼ਾਸਨੀ ਸੰਵਾਦ ਤੇ ਕੇਂਦਰਤ ਚੌਥੇ ਅਕਾਦਮਿਕ ਸੈਸ਼ਨ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵੱਖੋ-ਵੱਖ ਅਨੁਸ਼ਾਸਨਾਂ ਨਾਲ ਜੁੜੇ ਵਿਸ਼ਾ ਮਾਹਿਰਾਂ ਨੇ ਆਪੋ-ਆਪਣੇ ਖੋਜ ਤਜਰਬਿਆਂ ਦੇ ਅਧਾਰ ਤੇ ਅਨੁਭਵ ਸਾਂਝੇ ਕੀਤੇ।