ਭੂੰਦੜੀ ਅਤੇ ਅਖਾੜਾ ਦੀਆਂ ਬਾਇਓ ਗੈਸ ਫੈਕਟਰੀਆਂ ਸ਼ੁਰੂ ਕਰਵਾਉਣ ਲਈ ਪ੍ਰਸ਼ਾਸਨ ਨੇ ਭੇਜੀ ਭਾਰੀ ਪੁਲਿਸ ਫੋਰਸ, ਪਿੰਡ ਵਾਸੀਆਂ ਨੇ ਲਾਇਆ ਧਰਨਾ
ਦੀਪਕ ਜੈਨ
ਜਗਰਾਉਂ, 6 ਫਰਵਰੀ 2025 - ਪਿੰਡ ਭੂੰਦੜੀ ਅਤੇ ਅਖਾੜਾ ਵਿਖੇ ਬਣ ਚੁੱਕੀਆਂ ਬਾਇਓ ਗੈਸ ਫੈਕਟਰੀਆਂ ਨੂੰ ਚਾਲੂ ਕਰਵਾਉਣ ਲਈ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾ ਅਤੇ ਅਫਸਰਾਂ ਦੀ ਹਾਜ਼ਰੀ ਵਿੱਚ ਇਹਨਾਂ ਦੋਹਾਂ ਫੈਕਟਰੀਆਂ ਨੂੰ ਸ਼ੁਰੂ ਕਰਵਾਉਣ ਲਈ ਚਾਰਾਜੋਈ ਲਗਾਈ ਗਈ। ਪਰ ਜਦੋਂ ਇਸ ਗੱਲ ਦੀਆਂ ਕਨਸੋਆਂ ਪਿੰਡ ਵਾਸੀਆਂ ਤੱਕ ਪਹੁੰਚੀਆਂ ਤਾਂ ਉਹ ਵੱਡੀ ਗਿਣਤੀ ਵਿੱਚ ਇਹਨਾਂ ਫੈਕਟਰੀਆਂ ਦੇ ਗੇਟਾਂ ਅੱਗੇ ਧਰਨੇ ਲਗਾ ਕੇ ਬੈਠ ਗਏ। ਜਿਸ ਤੇ ਪੁਲਿਸ ਅਤੇ ਪਿੰਡ ਵਾਸੀਆਂ ਵਿੱਚ ਕਾਫੀ ਤਕਰਾਰ ਵੀ ਹੋਈ ਅਤੇ ਮਾਹੌਲ ਵੀ ਪੂਰੀ ਤਰਹਾਂ ਗਰਮਾ ਗਿਆ।
ਪਿੰਡ ਅਖਾੜਾ ਵਿਖੇ ਸਬ ਡਿਵੀਜ਼ਨ ਜਗਰਾਉਂ ਦੇ ਡੀਐਸਪੀ ਜਸਜਯੇਤ ਸਿੰਘ ਵੱਡੀ ਗਿਣਤੀ ਵਿੱਚ ਗਾਰਦ ਲੈ ਕੇ ਮੌਕੇ ਤੇ ਪਹੁੰਚੇ ਅਤੇ ਪੁਲਿਸ ਮੁਲਾਜ਼ਮਾਂ ਨੇ ਵੀ ਇਸ ਤਰ੍ਹਾਂ ਤਿਆਰੀ ਕੀਤੀ ਹੋਈ ਸੀ ਜਿਵੇਂ ਉਹ ਕਿਸੇ ਬਗਾਵਤ ਨੂੰ ਕੁਚਲਣ ਲਈ ਜਾ ਰਹੇ ਹੋਣ। ਇੱਥੇ ਤੁਹਾਨੂੰ ਯਾਦ ਕਰਵਾ ਦਈਏ ਕਿ ਇਹ ਬਾਇਓਗੈਸ ਫੈਕਟਰੀਆਂ ਬਾਬਤ ਪਿੰਡ ਬਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਫੈਕਟਰੀਆਂ ਦੇ ਸ਼ੁਰੂ ਹੋਣ ਨਾਲ ਪਿੰਡ ਅੰਦਰ ਜਹਰੀਲੀਆਂ ਗੈਸਾਂ ਦੇ ਫੈਲਣ ਦਾ ਖਤਰਾ ਵਧੇਗਾ ਅਤੇ ਇਲਾਕੇ ਵਿੱਚ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹੇਗਾ। ਜਿਸ ਕਾਰਨ ਉਹਨਾਂ ਨੇ ਇਹਨਾਂ ਫੈਕਟਰੀਆਂ ਨੂੰ ਕੈਂਸਰ ਫੈਕਟਰੀਆਂ ਦਾ ਨਾਮ ਦਿੰਦਿਆਂ ਹੋਇਆਂ ਇੰਨਾ ਫੈਕਟਰੀਆਂ ਦੀ ਬੁਨਿਆਦ ਰੱਖੇ ਜਾਣ ਤੋਂ ਹੀ ਇਹਨਾਂ ਫੈਕਟਰੀਆਂ ਦੇ ਵਿਰੁੱਧ ਸੰਘਰਸ਼ ਵਿੱਡ ਦਿੱਤਾ ਸੀ।
ਇਸ ਤੋਂ ਇਲਾਵਾ ਇਹਨਾਂ ਫੈਕਟਰੀਆਂ ਨੂੰ ਬੰਦ ਕਰਵਾਉਣ ਲਈ ਜਥੇਬੰਦੀਆਂ ਵੱਲੋਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਹੈ ਅਤੇ ਹਾਈ ਕੋਰਟ ਵਿੱਚ ਕੱਲ ਨੂੰ ਇਸ ਦੀ ਸੁਣਵਾਈ ਹੋ ਰਹੀ ਹੈ। ਜਿਸ ਲਈ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਫੈਕਟਰੀ ਨੂੰ ਸ਼ੁਰੂ ਕਰਵਾਉਣ ਲਈ ਬਲਪੂਰਵਕ ਚਾਰਾ ਜੋਈ ਕੀਤੀ ਗਈ ਹੈ। ਜਿਸ ਨੂੰ ਪਿੰਡ ਵਾਸੀਆਂ ਦੇ ਸੰਘਰਸ਼ ਕਾਰਨ ਅਖਾੜਾ ਪਿੰਡ ਵਾਲੀ ਬਾਇਓਗੈਸ ਫੈਕਟਰੀ ਸ਼ੁਰੂ ਨਹੀਂ ਹੋ ਸਕੀ। ਇਸ ਬਾਬਤ ਜਦੋਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਦ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਤਾਂ ਫਿਰ ਪੁਲਿਸ ਕਿਉਂ ਉਹਨਾਂ ਉੱਪਰ ਜਬਰ ਢਾਹ ਕੇ ਫੈਕਟਰੀ ਨੂੰ ਚਾਲੂ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।