ਕਿਸਾਨਾਂ ਨੂੰ ਟੇਲਾਂ ਤੱਕ ਪੂਰੇ ਪਾਣੀ ਦਾ ਵਾਅਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਿਭਾਇਆ- ਬਰਿੰਦਰ ਕੁਮਾਰ ਗੋਇਲ
- ਕਿਹਾ, ਬਲੂਆਣਾ ਹਲਕੇ ਵਿੱਚ 30 ਕਰੋੜ ਰੁਪਏ ਨਾਲ ਬਣੀਆਂ ਪੰਜ ਮਾਈਨਰਾਂ
ਅਬੋਹਰ (ਫਾਜ਼ਿਲਕਾ) 6 ਫਰਵਰੀ 2025 - ਪੰਜਾਬ ਦੇ ਮਾਈਨਿੰਗ ਅਤੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਫਾਜ਼ਿਲਕਾ ਜਿਲੇ ਦੇ ਬੱਲੂਆਣਾ ਹਲਕੇ ਦੇ ਦੌਰੇ ਦੌਰਾਨ ਪਿੰਡ ਸ਼ੇਰੇਵਾਲਾ ਅਤੇ ਸ਼ੇਰਗੜ੍ਹ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦਾ ਵਾਅਦਾ ਨਿਭਾਇਆ ਹੈ।
ਉਹ ਅੱਜ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਧਰਤੀ ਹੇਠ ਮਿਲੇ ਪੋਟਾਸ਼ ਦੇ ਭੰਡਾਰਾਂ ਦਾ ਜਾਇਜ਼ਾ ਲੈਣ ਲਈ ਦੌਰਾ ਕਰ ਰਹੇ ਸਨ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਬੱਲੂਆਣਾ ਹਲਕੇ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਮਾਈਨਰ ਨਹਿਰਾਂ ਬਣਾਈਆਂ ਗਈਆਂ ਹਨ ਅਤੇ ਅੱਗੇ ਵੀ ਇਹ ਪ੍ਰੋਜੈਕਟ ਇਸੇ ਤੇਜ ਗਤੀ ਨਾਲ ਜਾਰੀ ਹਨ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਨਹਿਰੀ ਪਾਣੀ ਦੀ ਵਰਤੋਂ ਕੇਵਲ 68 ਫੀਸਦੀ ਹੀ ਹੋ ਪਾਉਂਦੀ ਸੀ ਪਰ ਹੁਣ ਨੇਕ ਨੀਤੀ ਨਾਲ ਸਰਕਾਰ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਨਤੀਜਾ ਹੈ ਕਿ ਇਸ ਸਮੇਂ 84 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਗਈ ਹੈ ।
ਉਹਨਾਂ ਨੇ ਕਿਹਾ ਕਿ ਜਿੱਥੇ ਪੁਰਾਣੇ ਖਾਲ ਅਤੇ ਨਹਿਰਾਂ ਨੂੰ ਬਹਾਲ ਕੀਤਾ ਗਿਆ ਹੈ ਉੱਥੇ ਹੀ ਕੱਚੀਆਂ ਅਤੇ ਪੁਰਾਣੀਆਂ ਹੋ ਚੁੱਕੀਆਂ ਨਹਿਰਾਂ ਨੂੰ ਮੁੜ ਤੋਂ ਪੱਕਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਪਹੁੰਚੇ । ਉਹਨਾਂ ਨੇ ਕਿਹਾ ਕਿ ਨਾ ਕੇਵਲ ਨਹਿਰਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਬਲਕਿ ਹਰੇਕ ਖੇਤ ਤੱਕ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਨੀਚੇ ਜਾਣ ਤੋਂ ਰੋਕਿਆ ਗਿਆ ਹੈ ਉੱਥੇ ਹੀ ਬਿਜਲੀ ਦੀ ਵੀ ਇਸ ਨਾਲ ਬਚਤ ਹੁੰਦੀ ਹੈ।
ਇਸ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਪਹਿਲੇ ਸਾਲ ਤੋਂ ਹੀ ਆਪਣੇ ਵਾਇਦਿਆਂ ਅਨੁਸਾਰ ਲੋਕ ਹਿੱਤ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਬਿਜਲੀ ਮੁਫਤ ਕਰਨ ਤੋਂ ਇਲਾਵਾ ਮੁਹੱਲਾ ਕਲੀਨਿਕਾ ਰਾਹੀਂ ਸਿਹਤ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਗਈ। ਇਸ ਤੋਂ ਬਿਨਾਂ ਸਿੱਖਿਆ ਵੀ ਪੰਜਾਬ ਸਰਕਾਰ ਦਾ ਤਰਜੀਹੀ ਖੇਤਰ ਹੈ। ਉਹਨਾਂ ਨੇ ਇਸ ਮੌਕੇ ਪਿੰਡ ਸ਼ੇਰਗੜ੍ਹ ਦੇ ਸਕੂਲ ਲਈ ਦੋ ਕਰੋੜ 7 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਤੇ ਨਾਲ ਹੀ ਦੱਸਿਆ ਕਿ ਪਿੰਡ ਦੇ ਛੱਪੜ ਦੇ ਨਵੀਨੀਕਰਨ ਤੇ ਵੀ ਪੰਜਾਬ ਸਰਕਾਰ 25 ਲੱਖ ਰੁਪਏ ਖਰਚ ਕਰੇਗੀ।
ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਹਲਕੇ ਵਿੱਚ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।
ਇੱਥੇ ਪਹੁੰਚਣ ਤੇ ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ ਅਤੇ ਹੋਰ ਅਧਿਕਾਰੀਆਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨਾਂ ਦੇ ਨਾਲ ਡਾਇਰੈਕਟਰ ਮਾਈਨਿੰਗ ਅਭੀਜੀਤ ਕਪਲਿਸ਼, ਕਾਰਜਕਾਰੀ ਇੰਜਨੀਅਰ ਮਾਈਨਿੰਗ ਜਗਸੀਰ ਸਿੰਘ ਵੀ ਹਾਜ਼ਰ ਸਨ।