ਉਤਰਾਖੰਡ 'ਚ ਯੂਸੀਸੀ ਲਾਗੂ: ਦੇਸ਼ ਦਾ ਮੁਸਲਿਮ ਸਮਾਜ ਆਪਣੇ ਆਪ ਨੂੰ ਸਰਕਾਰਾਂ ਤੋਂ ਅਸੁਰੱਖਿਅਤ ਮਹਿਸੂਸ ਕਰਨ ਲੱਗਾ - ਸ਼ਾਹੀ ਇਮਾਮ
- ਵਿਆਹ, ਤਲਾਕ, ਵਿਰਾਸਤ ਆਦਿ ਦੇ ਮਾਮਲੇ ਹੋਣਗੇ ਪ੍ਰਭਾਵਿਤ
- ਮੁਸਲਮਾਨਾਂ ਦੀ ਸ਼ਰੀਅਤ ਵਿੱਚ ਦਖਲ ਅੰਦਾਜ਼ੀ ਮੁਸਲਮਾਨ ਕੱਤਈ ਬਰਦਾਸ਼ਤ ਨਹੀਂ ਕਰੇਗਾ--ਸ਼ਾਹੀ ਇਮਾਮ ਪੰਜਾਬ ਉਸਮਾਨ ਹਬੀਬ ਲੁਧਿਆਣਵੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 6 ਫਰਵਰੀ,2025,ਭਾਰਤ ਅੰਦਰ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੁੱਧ ਸਮੇਤ ਅਨੇਕਾਂ ਜਾਤਾਂ ਧਰਮਾਂ, ਵਰਗਾਂ, ਫਿਰਕਿਆਂ, ਕਬੀਲਿਆਂ ਦੇ ਲੋਕ ਸਦੀਆਂ ਤੋਂ ਭਰਾਵਾਂ ਵਾਂਗ ਰਹਿੰਦੇ ਆ ਰਹੇ ਸਨ ਪਰੰਤੂ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਜਦੋਂ ਤੋਂ ਸੱਤਾ ਵਿੱਚ ਆਈ ਹੈ ਧਰਮ ਦੀ ਰਾਜਨੀਤੀ ਕਰਕੇ ਦੇਸ਼ ਅੰਦਰ ਨਫਰਤ ਦਾ ਜ਼ਹਿਰ ਘੋਲ ਰਹੀ ਹੈ । ਕਦੇ ਤਿੰਨ ਤਲਾਕ ਦਾ ਕਾਨੂੰਨ ਬਣਾਕੇ ਹਿੰਦੂ ਵੀਰਾਂ ਨੂੰ ਗੁਮਰਾਹ ਕੀਤਾ ਜਾਂਦੈ ਕਿ ਮੁਸਲਮਾਨਾਂ ਨੂੰ ਟਾਈਟ ਕੀਤਾ ਜਾ ਰਿਹੈ, ਕਦੇ ਬਾਬਰੀ ਮਸਜਿਦ ਵਿਵਾਦ ਨਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹੈ । ਕਿਧਰੇ ਵਕਫ ਸੋਧ ਬਿਲ ਲਿਆਕੇ ਮੁਸਲਮਾਨਾਂ ਦੀਆਂ ਮਸਜਿਦਾਂ, ਮਜ਼ਾਰ, ਕਬਰਿਸਤਾਨ, ਮਦਰਸੇ ਆਦਿ ਦੀਆਂ ਜਾਇਦਾਦਾਂ ਹੜੱਪਣ ਦੀ ਕੋਝੀ ਸਾਜ਼ਿਸ਼ ਕੀਤੀ ਜਾ ਰਹੀ ਹੈ । ਜਿਸ ਦੇ ਨਤੀਜੇ ਆਏ ਦਿਨ ਦੇਖਣ ਨੂੰ ਮਿਲ ਰਹੇ ਹਨ ਦੇਸ਼ ਦਾ ਮੁਸਲਿਮ ਸਮਾਜ ਆਪਣੇ ਆਪ ਨੂੰ ਸਰਕਾਰਾਂ ਤੋਂ ਅਸੁਰੱਖਿਅਤ ਮਹਿਸੂਸ ਕਰਨ ਲੱਗਾ ਹੈ । ਪਿਛਲੇ ਦਿਨੀਂ ਉੱਤਰੀ ਭਾਰਤੀ ਰਾਜ ਉਤਰਾਖੰਡ ਨੇ ਧਾਰਮਿਕ ਕਾਨੂੰਨਾਂ ਦੀ ਥਾਂ ਲੈਣ ਲਈ ਇਕਸਾਰ ਸਿਵਲ ਕੋਡ ਲਾਗੂ ਕਰ ਦਿੱਤਾ ਗਿਆ ਹੈ, ਇੱਕ ਅਜਿਹਾ ਕਦਮ ਜੋ ਭਾਰਤ ਦੇ ਮੁਸਲਿਮ ਘੱਟ ਗਿਣਤੀਆਂ ਵਿੱਚ ਬੇਚੈਨੀ ਪੈਦਾ ਕਰੇਗਾ ।
ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਘੱਟਗਿਣਤੀਆਂ ਦੇ ਖਿਲਾਫ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ । ਭਾਵੇਂ ਉਹ ਘੱਟਗਿਣਤੀ ਸਿੱਖ ਕੌਮ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੋਵੇ ਜਾਂ ਫਿਰ ਨਿਰਦੋਸ਼ ਜੇਲ੍ਹਾਂ 'ਚ ਬੰਦ ਮੁਸਲਿਮ ਵਰਗ ਦੇ ਲੋਕਾਂ ਦੇ ਮਾਮਲੇ ਹੋਣ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਦਲਿਤਾਂ, ਮਨੀਪੁਰ ਦੇ ਆਦਿਵਾਸੀ ਨਾਲ ਗੈਰਇਨਸਾਨੀ ਵਿਵਹਾਰ ਕਰਨਾ ਹੋਵੇ ਭਾਵ ਦੇਸ਼ ਦੀ ਸੱਤਾਧਾਰੀ ਘੁਮੰਡੀ ਹੋਏ ਘੱਟਗਿਣਤੀਆਂ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਖੌਤੀ ਇਕਸਾਰ ਸਿਵਲ ਕੋਡ (UCC) ਯੂਨੀਫਾਰਮ ਸਿਵਲ ਕੋਡ ਦੇ ਲਾਗੂ ਹੋਣ ਦਾ ਐਲਾਨ ਕਰਦੇ ਹੋਏ, ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸਬੰਧਤ ਹਨ, ਨੇ ਕਿਹਾ ਕਿ ਇਹ "ਸਮਾਨਤਾ" ਲਿਆਏਗਾ । "ਇਹ ਕੋਡ ਕਿਸੇ ਸੰਪਰਦਾ ਜਾਂ ਧਰਮ ਦੇ ਵਿਰੁੱਧ ਨਹੀਂ ਹੈ। ਇਸ ਰਾਹੀਂ, ਸਮਾਜ ਵਿੱਚ ਬੁਰਾਈਆਂ ਤੋਂ ਛੁਟਕਾਰਾ ਪਾਉਣ ਦਾ ਇੱਕ ਤਰੀਕਾ ਲੱਭਿਆ ਗਿਆ ਹੈ ।
ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਉਸਮਾਨ ਹਬੀਬ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਇਹ ਕਾਨੂੰਨ ਉਹ ਗੈਰ ਸ਼ਰਾਈ ਹੈ ਇਸ ਨਾਲ ਮੁਸਲਮਾਨ ਭਾਈਚਾਰੇ ਦੇ ਵਿਆਹ, ਤਲਾਕ ਅਤੇ ਵਿਰਾਸਤ 'ਤੇ ਭਾਰਤ ਦੇ ਕਾਨੂੰਨਾਂ ਦੇ ਪੈਚਵਰਕ ਨੂੰ ਬਦਲਣ ਲਈ ਯੂਸੀਸੀ ਦੀ ਸ਼ੁਰੂਆਤ ਭਾਜਪਾ ਦਾ ਲੰਬੇ ਸਮੇਂ ਤੋਂ ਪੁਰਾਣਾ 'ਸਨਕ' ਹੈ ਜਿਸ ਨੂੰ ਪੂਰਾ ਕਰਨ ਲਈ ਭਾਜਪਾ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਯੋਗ ਕਰਕੇ ਨਵੀਆਂ ਛੇੜਾਂ-ਛੇੜ ਰਹੀ ਹੈ । ਭਾਰਤ ਵਿਭਿੰਨਤਾਵਾਂ ਦਾ ਦੇਸ਼ ਹੈ, ਜਿਸ ਵਿੱਚ ਹਜ਼ਾਰਾਂ ਭਾਸ਼ਾਵਾਂ ਬੋਲੀਆਂ ਜਾਂਦੀਆ ਨੇ, ਅਨੇਕਾਂ ਧਰਮ, ਜਾਤ, ਰੰਗ, ਨਸਲ, ਕਬੀਲਿਆਂ ਦੇ ਆਪੋ-ਆਪਣੇ ਸੱਭਿਆਚਾਰ, ਰੀਤੀ ਰਿਵਾਜ ਅਤੇ ਪ੍ਰੰਪਰਾਵਾਂ ਹਨ । ਅਸੀਂ ਕਿਵੇਂ ਕਿਸੇ ਨੂੰ ਆਪਣੇ ਰੀਤੀ ਰਿਵਾਜ਼ਾਂ ਨਾਲੋਂ ਅਲੱਗ ਕਰ ਸਕਦੇ ਹਾਂ । ਭਾਰਤ ਦਾ ਸੰਵਿਧਾਨ ਹਰ ਕਿਸੇ ਨੂੰ ਸਮਾਨਤਾ ਦਾ ਅਧਿਕਾਰ ਅਤੇ ਆਪਣੇ ਧਰਮ ਦਾ ਪਾਲਨ ਕਰਨ ਦਾ ਅਧਿਕਾਰ ਦਿੰਦਾ ਹੈ । ਜਿਸ ਤਰ੍ਹਾਂ ਦਾ ਰਵੱਈਆ ਅੱਜਕਲ ਬੀਜੇਪੀ ਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਅਪਣਾਇਆ ਹੋਇਆ ਹੈ ਜੇਕਰ ਆਪਣੀ ਸਨਕ ਤੋਂ ਬਾਜ਼ ਨਾ ਆਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਰਟੀ ਆਪਣੇ ਵਜੂਦ ਨੂੰ ਗੁਆ ਦੇਵੇਗੀ । ਮੁਸਲਮਾਨ ਸ਼ਰੀਅਤ ਵਿੱਚ ਦਖਲ ਕੱਤਈ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਕੁਰਆਨ ਪਾਕ ਸਿਰਫ ਮੁਸਲਮਾਨ ਲਈ ਬਲਿਕ ਸਮੁੱਚੀ ਮਾਨਵਤਾ ਲਈ ਜੀਵਨ ਦਾ ਮਾਗਰ ਦਰਸ਼ਕ ਹੈ । ਕੁਰਆਨ ਪਾਕ ਨੇ ਜ਼ਿੰਦਗੀ ਦੇ ਹਰ ਪਹਿਲੂ ਦੀ ਮੁਕੰਮਲ ਜਾਣਕਾਰੀ ਦਿੱਤੀ ਹੈ । ਦੁਨੀਆ ਦੇ ਕਿਸੇ ਮਨੁੱਖ ਜਾਂ ਸੰਗਠਨ 'ਚ ਅਜਿਹੀ ਕਾਬਲੀਅਤ ਨਹੀਂ ਜੋ ਕੁਰਆਨ ਪਾਕ ਤੋਂ ਬਿਹਤਰ ਵਿਵਸਥਾ ਦੀ ਕਲਪਨਾ ਕਰ ਸਕੇ । ਦੁਨੀਆ ਦਾ ਕੋਈ ਵੀ ਮੁਸਲਮਾਨ ਭਾਵੇਂ ਉਹ ਕਿਸੇ ਵੀ ਦੇਸ਼ ਦਾ ਵਾਸੀ ਹੈ ਉੱਥੋ ਦੇ ਕਾਨੂੰਨ ਦਾ ਸਤਿਕਾਰ ਕਰਨਾ ਉਸ ਲਈ ਲਾਜ਼ਮੀ ਹੈ ਪਰੰਤੂ ਜਦੋਂ ਕੋਈ ਵੀ ਦੇਸ਼ ਦਾ ਕਾਨੂੰਨ ਸ਼ਰੀਅਤ ਵਿੱਚ ਦਖਲ ਅੰਦਾਜ਼ੀ ਕਰੇ ਤਾਂ ਉਸ ਨੂੰ ਨਕਾਰਨਾ ਹੀ ਉਸਦਾ ਫਰਜ਼ ਹੈ । ਉਹਨਾਂ ਕਿਹਾ ਕਿ ਬੀਜੇਪੀ ਯੂਸੀਸੀ ਵਰਗੇ ਵਿਵਾਦਤ ਕਾਨੂੰਨ ਲਿਆਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਆਪਣੇ ਸਮਰਥਕ ਹਿੰਦੂ ਵਰਗ ਨੂੰ ਖੁਸ਼ ਕਰਨ ਲਈ ਮੁਸਲਮਾਨਾਂ ਦੀ ਸ਼ਰੀਅਤ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਮੁਸਲਮਾਨ ਕੱਤਈ ਬਰਦਾਸ਼ਤ ਨਹੀਂ ਕਰੇਗਾ । ਉਨ੍ਹਾਂ ਕਿਹਾ ਕਿ ਬੀਜੇਪੀ ਦੇ ਅਖੌਤੀ ਵਿਦਵਾਨ ਜੋ ਮੁਸਲਮਾਨਾਂ ਦੇ ਤਲਾਕ, ਵਿਆਹ, ਵਿਰਾਸਤ ਸਬੰਧੀ ਮਸ਼ਵਰੇ ਸਰਕਾਰ ਨੂੰ ਦੇ ਰਹੇ ਹਨ ਦਰਅਸਲ ਉਹ ਜਿੱਥੇ ਇਸਲਾਮ ਦੀ ਸਿੱਖਿਆ ਤੋਂ ਬਿਲਕੁਲ ਅਣਜਾਣ ਹਨ ਉੱਥੇ ਹੀ ਆਪਣੇ ਧਰਮ ਦੇ ਗਿਆਨ ਤੋਂ ਵੀ ਸੱਖਣੇ ਹਨ ਜੋ ਦੇਸ਼ ਨੂੰ ਇੱਕਜੁੱਟ ਹੋ ਕੇ ਗੁਆਂਢੀ ਦੇਸ਼ ਚੀਨ ਵਾਂਗ ਵਿਕਾਸ ਦੀਆਂ ਬੁਲੰਦੀਆਂ ਵੱਲ ਲਿਜਾਣ ਦੀ ਬਜਾਏ ਅੰਧਕਾਰ ਵੱਲ ਧਕੇਲ ਰਹੇ ਹਨ।