ਪੀ.ਏ.ਯੂ. ਦੇ ਕਿਸਾਨ ਕਲੱਬ ਦਾ ਸਲਾਨਾ 60ਵਾਂ ਸਲਾਨਾ ਸਮਾਰੋਹ ਯਾਦਗਾਰੀ ਹੋ ਨਿਬੜਿਆ
ਲੁਧਿਆਣਾ 6 ਫਰਵਰੀ 2025 - ਅੱਜ ਪੀ.ਏ.ਯੂ. ਦੇ ਕੈਰੋਂ ਕਿਸਾਨ ਘਰ ਵਿਚ ਪੀ.ਏ.ਯੂ. ਕਿਸਾਨ ਕਲੱਬ ਦਾ 60ਵਾਂ ਸਲਾਨਾ ਸਮਾਗਮ ਕਿਸਾਨਾਂ ਦੀ ਭਰਪੂਰ ਹਾਜ਼ਰੀ ਵਿਚ ਨੇਪਰੇ ਚੜਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ। ਡਾ. ਗੋਸਲ ਨੇ ਇਸ ਮੌਕੇ ਹਾਜ਼ਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਵਿਕਾਸ ਅਤੇ ਇਸ ਖੇਤਰ ਵਿਚ ਕੀਤੀ ਤਰੱਕੀ ਲਈ ਪੀ.ਏ.ਯੂ. ਕਿਸਾਨ ਕਲੱਬ ਨੂੰ ਅਹਿਮ ਅੰਗ ਕਿਹਾ। ਉਹਨਾਂ ਕਿਹਾ ਕਿ ਕਿਸਾਨ ਕਲੱਬ ਨਾਲ ਜੁੜੇ ਕਿਸਾਨਾਂ ਨੇ ਹੀ ਪੀ.ਏ.ਯੂ. ਦੀਆਂ ਖੇਤੀ ਖੋਜਾਂ ਨੂੰ ਦੂਰ-ਦਰਾਜ ਦੇ ਕਿਸਾਨਾਂ ਤੱਕ ਪ੍ਰਸਾਰਿਤ ਕੀਤਾ। ਇਸੇ ਦਾ ਸਦਕਾ ਪੰਜਾਬ ਦਾ ਖੇਤੀ ਉਤਪਾਦਨ ਦੇਸ਼ ਵਿਚ ਹੀ ਨਹੀਂ ਪੂਰੀ ਦੁਨੀਆਂ ਵਿਚ ਬੇਮਿਸਾਲ ਹੋਇਆ।
ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਕਿਸਾਨ ਕਲੱਬ ਨਾਲ ਜੁੜ ਕੇ ਅਨੇਕ ਕਿਸਾਨਾਂ ਨੇ ਆਪਣੀ ਖੇਤੀ ਦੇ ਤਰੀਕੇ ਅਤੇ ਆਪਣੇ ਕਾਸ਼ਤ ਵਿਹਾਰ ਨੂੰ ਤਬਦੀਲ ਕੀਤਾ। ਅਗਾਂਹਵਧੂ ਕਿਸਾਨਾਂ ਦੀ ਇਕ ਪੂਰੀ ਪੀੜੀ ਕਿਸਾਨ ਕਲੱਬ ਦੀਆਂ ਸਿਖਲਾਈਆਂ ਅਤੇ ਖੇਤੀ ਮਾਹਿਰਾਂ ਦੇ ਨੁਕਤਿਆਂ ਨੂੰ ਆਪਣੇ ਖੇਤਾਂ ਵਿਚ ਲਾਗੂ ਕਰਨ ਨਾਲ ਸਾਹਮਣੇ ਆਈ। ਡਾ. ਗੋਸਲ ਨੇ ਮੌਜੂਦਾ ਖੇਤੀ ਦਿ੍ਰਸ਼ ਬਾਰੇ ਚਰਚਾ ਕਰਦਿਆਂ ਕਿਹਾ ਕਿ ਅੱਜ ਖੇਤੀ ਖੇਤਰ ਨੂੰ ਇਕ ਵਾਰ ਫਿਰ ਚੁਣੌਤੀਆਂ ਪੇਸ਼ ਆਉਂਦੀਆਂ ਹਨ ਅਤੇ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਕਿਸਾਨ ਕਲੱਬ ਦੇ ਮੈਂਬਰਾਂ ਦੀ ਭੂਮਿਕਾ ਬੇਹੱਦ ਅਹਿਮ ਹੋ ਜਾਂਦੀ ਹੈ। ਉਹਨਾਂ ਨੇ ਪੀ.ਏ.ਯੂ. ਵੱਲੋਂ ਨਵੀਆਂ ਤਕਨੀਕਾਂ ਨੂੰ ਖੇਤੀ ਖੋਜ ਦਾ ਹਿੱਸਾ ਬਨਾਉਣ ਦੀ ਗੱਲ ਕਰਦਿਆਂ ਦੱਸਿਆ ਕਿ ਅੱਜ ਉਤਪਾਦਨ ਦੇ ਨਾਲ-ਨਾਲ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਬੇਹੱਦ ਲਾਜ਼ਮੀ ਹੈ ਅਤੇ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰਾਂ ਕੋਲੋਂ ਇਹ ਆਸ ਹੈ ਕਿ ਉਹ ਹੋਰ ਕਿਸਾਨਾਂ ਨੂੰ ਗਿਆਨ ਦੇ ਇਸ ਚਾਨਣ ਨਾਲ ਜੋੜ ਕੇ ਵਿਗਿਆਨਕ ਖੇਤੀ ਦਾ ਪਸਾਰ ਹੋਰ ਅਗਾਂਹ ਕਰਨਗੇ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਿਸਾਨ ਕਲੱਬ ਕੁਝ ਉੱਦਮੀ ਕਿਸਾਨਾਂ ਦੇ ਯਤਨ ਨਾਲ ਸ਼ੁਰੂ ਹੋਇਆ ਸੀ ਪਰ ਇਸਦੇ ਜੋਤ ਨਾਲ ਜੋਤ ਜਗਦੇ ਰਹਿਣ ਦਾ ਸਿੱਟਾ ਹੈ ਕਿ ਅੱਜ ਇਹ ਪਰਿਵਾਰ ਪੂਰੇ ਪੰਜਾਬ ਦੇ ਕਿਸਾਨਾਂ ਦਾ ਸਮੂਹ ਬਣ ਗਿਆ ਹੈ। ਉਹਨਾਂ ਕਿਹਾ ਕਿ ਕਲੱਬ ਵੱਲੋਂ ਦਿੱਤੀ ਜਾਣ ਵਾਲੀ ਮਾਸਿਕ ਸਿਖਲਾਈ ਚਲੰਤ ਖੇਤੀ ਮਸਲਿਆਂ ਦੇ ਨਾਲ-ਨਾਲ ਸਮਾਜ ਨੂੰ ਸਹੀ ਦਿਸ਼ਾ ਵਿਚ ਤੋਰਨ ਦਾ ਮੁੱਲਵਾਨ ਕਾਰਜ ਕਰਦੀ ਹੈ। ਇਥੋਂ ਤੱਕ ਕਿ ਕੋਵਿਡ ਸੰਕਟ ਦੌਰਾਨ ਇਹ ਮਾਸਿਕ ਸਿਖਲਾਈ ਆਨਲਾਈਨ ਸਰੂਪ ਵਿਚ ਕਿਸਾਨਾਂ ਨਾਲ ਖੇਤੀ ਸਰੋਕਾਰ ਸਾਂਝੇ ਕਰਦੀ ਰਹੀ। ਡਾ. ਭੁੱਲਰ ਨੇ ਕਿਸਾਨਾਂ ਨੂੰ ਆਉਂਦੇ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਭਾਰੀ ਗਿਣਤੀ ਵਿਚ ਇਹਨਾਂ ਮੇਲ਼ਿਆਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
ਅਪਰ ਨਿਰਦੇਸ਼ਕ ਸੰਚਾਰ ਅਤੇ ਕਿਸਾਨ ਕਲੱਬ ਦੇ ਸੰਚਾਲਕ ਡਾ. ਤੇਜਿੰਦਰ ਸਿੰਘ ਰਿਆੜ ਨੇ ਸਮਾਰੋਹ ਵਿਚ ਸ਼ਾਮਿਲ ਹੋਏ ਕਿਸਾਨਾਂ ਅਤੇ ਮਾਹਿਰਾਂ ਸਮੇਤ ਵਾਈਸ ਚਾਂਸਲਰ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕਲੱਬ ਕਿਸਾਨਾਂ ਦੀ ਖੇਤੀ ਦੇ ਨਾਲ-ਨਾਲ ਉਹਨਾਂ ਦੀ ਸਿਹਤ ਅਤੇ ਉਹਨਾਂ ਦੇ ਪਰਿਵਾਰ ਨਾਲ ਜੁੜੇ ਸਰੋਕਾਰਾਂ ਨੂੰ ਵੀ ਮਾਸਿਕ ਮੀਟਿੰਗਾਂ ਵਿਚ ਵਿਚਾਰਦਾ ਹੈ।
ਇਸ ਮੌਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ, ਕੁਮਾਰੀ ਰੀਤਿਕਾ ਗੋਇਲ ਆਈ ਏ ਐੱਸ, ਡਾ. ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਨਿਰਦੇਸ਼ਕ ਵਿਦਿਆਰਥੀ ਭਲਾਈ ਪੀ.ਏ.ਯੂ. ਡਾ. ਨਿਰਮਲ ਜੌੜਾ ਅਤੇ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਦੀਪ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਪ੍ਰਧਾਨਗੀ ਮੰਡਲ ਨੇ ਅਗਾਂਹਵਧੂ ਕਿਸਾਨਾਂ ਨੂੰ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਮੋਗਾ ਦੇ ਪਿੰਡ ਲੰਗੇਆਣਾ ਪੁਰਾਣਾ ਦੇ ਸ. ਅਮਰਜੀਤ ਸਿੰਘ ਬਰਾੜ ਨੇ ਪੀ.ਏ.ਯੂ. ਕਿਸਾਨ ਕਲੱਬ ਨੂੰ 51,000 ਰੁਪਏ ਅਤੇ ਪੀ.ਏ.ਯੂ. ਦੇ ਇੰਡੋਮੈਂਟ ਫੰਡ ਲਈ 51,000 ਰੁਪਏ ਦਾ ਮਾਇਕ ਯੋਗਦਾਨ ਦਿੱਤਾ।
ਅੰਤ ਵਿਚ ਲੋਕ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਕੁਲਦੀਪ ਸਿੰਘ ਅਤੇ ਡਾ. ਰੁਪਿੰਦਰ ਕੌਰ ਸਨ।
ਇਸ ਸਲਾਨਾ ਸਿਖਲਾਈ ਪ੍ਰੋਗਰਾਮ ਵਿਚ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕੀਤੀ। ਕੀਟ ਵਿਗਿਆਨੀ ਡਾ. ਜਸਪਾਲ ਸਿੰਘ ਨੇ ਸ਼ਹਿਦ ਮੱਖੀਆਂ ਦੀ ਉਤਪਾਦਕਤਾ ਵਧਾਉਣ ਸੰਬੰਧੀ ਅਤੇ ਡਾ. ਰਮਨਦੀਪ ਸਿੰਘ ਨੇ ਖੇਤੀ ਉੱਦਮ ਦੇ ਵਿਕਾਸ ਬਾਰੇ ਚਾਨਣਾ ਪਾਇਆ। ਫੋਰਟਿਸ ਹਸਪਤਾਲ ਦੇ ਗੁਰਦਾ ਰੋਗ ਮਾਹਿਰ ਡਾ. ਜਸਪ੍ਰੀਤ ਸਿੰਘ ਛਾਬੜਾ ਨੇ ਕਿਡਨੀਆਂ ਦੀ ਸੰਭਾਲ ਬਾਰੇ ਅਤੇ ਫੋਰਟਿਸ ਹਸਪਤਾਲ ਤੋਂ ਹੀ ਡਾ. ਗੁਰਸਿਮਰਨ ਕੌਰ ਨੇ ਇਸਤਰੀ ਰੋਗਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਖੇਤੀ ਖੇਤਰ ਵਿਚ ਸਰਕਾਰੀ ਯੋਜਨਾਵਾਂ ਸੰਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ।
ਭੋਜਨ ਵਿਗਿਆਨੀ ਡਾ. ਕਿਰਨ ਗਰੋਵਰ ਨੇ ਸਰੀਰ ਅਤੇ ਮਨ ਦੀ ਸ਼ੁੱਧਤਾ ਲਈ ਪੌਸ਼ਟਿਕ ਭੋਜਨ ਦੇ ਮਹੱਤਵ ਬਾਰੇ ਅਤੇ ਡਾ. ਸੋਹਨ ਸਿੰਘ ਵਾਲੀਆ ਨੇ ਸੰਯੁਕਤ ਖੇਤੀ ਪ੍ਰਣਾਲੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਗਰੇਵਾਲ ਨੇ ਕਿਸਾਨ ਕਲੱਬ ਦੀ ਸਲਾਨਾ ਰਿਪੋਰਟ ਪੇਸ਼ ਕੀਤੀ।
ਹਾਜ਼ਰ ਕਿਸਾਨਾਂ ਨੂੰ ਖੇਤੀ ਅਤੇ ਸਿਹਤ ਸੰਬੰਧੀ ਵਿਲੱਖਣ ਜਾਣਕਾਰੀ ਦਿੰਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।