ਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਮੁਸਕਾਨ ਦੇ ਘਰ ਪਹੁੰਚੇ ਹਲਕਾ MLA, ਜਾਣਿਆ ਹਾਲ-ਚਾਲ
ਦੀਪਕ ਜੈਨ
ਜਗਰਾਉਂ, 6 ਫਰਵਰੀ 2025 - ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਮਹਲਾ ਪ੍ਰਤਾਪ ਨਗਰ ਦੀ ਰਹਿਣ ਵਾਲੀ ਵਿੱਕੀ ਸਾਲਾਂ ਲੜਕੀ ਮੁਸਕਾਨ ਪੁੱਤਰੀ ਜਗਦੀਸ਼ ਕੁਮਾਰ ਦੇ ਘਰ ਅੱਜ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਪਹੁੰਚੇ ਅਤੇ ਉਹਨਾਂ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਹੋਇਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਸ ਬਾਬਤ ਚਰਚਾ ਜਰੂਰ ਕਰਨਗੇ।
ਉਹਨਾਂ ਨੂੰ ਮੁਸਕਾਨ ਨੇ ਦੱਸਿਆ ਦੇ ਕਿ ਟਰੰਪ ਸਰਕਾਰ ਨੇ ਇਸ ਮਾਮਲੇ ਵਿੱਚ ਬੱਚਿਆਂ ਨਾਲ ਧੱਕੇਸ਼ਾਹੀ ਕੀਤੀ ਹੈ। 21 ਸਾਲਾਂ ਦੀ ਮੁਸਕਾਨ ਦਾ ਆਪਣੇ ਘਰ ਪਹੁੰਚਣ ਤੇ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਸਦੇ ਮਾਤਾ ਪਿਤਾ ਦੇ ਨਾਲ ਮੁਸਕਾਨ ਨੇ ਵੀ ਦੱਸਿਆ ਕਿ ਉਸ ਦੇ ਕੋਲ ਅਜੇ ਦੋ ਸਾਲ ਦਾ ਸਟਡੀ ਵੀਜ਼ਾ ਇੰਗਲੈਂਡ ਦਾ ਬਾਕੀ ਹੈ। ਕਿਉਂਕਿ ਉਹ ਪਿਛਲੇ ਸਾਲ 1 ਜਨਵਰੀ 2024 ਨੂੰ ਇੰਗਲੈਂਡ ਦੇ ਸਟਡੀ ਵੀਜੇ ਤੇ ਗਈ ਸੀ ਅਤੇ ਬੀਤੇ ਦਿਨੀ ਜਦੋਂ ਉਹ ਆਪਣੀਆਂ ਸਹੇਲੀਆਂ ਦੇ ਨਾਲ 45- 50 ਹੋਰ ਲੋਕਾਂ ਦੇ ਨਾਲ ਯੂਕੇ ਤੋਂ ਜਹਾਜ਼ ਰਾਹੀਂ ਅਮਰੀਕਾ ਉੱਤਰੀ ਸੀ ਅਤੇ ਉੱਥੇ ਦੇ ਇਲਾਕੇ ਵਿੱਚ ਘੁੰਮ ਰਹੀ ਸੀ ਤਾਂ ਅਚਾਨਕ ਕੈਲੀਫੋਰਨੀਆ ਪੁਲਿਸ ਦੀ ਇੱਕ ਬੱਸ ਆਈ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਬੱਸ ਦੇ ਵਿੱਚ ਬਿਠਾ ਲਿਆ ਅਤੇ ਬਿਨਾਂ ਕੁਝ ਦੱਸੇ ਉਹਨਾਂ ਨੂੰ ਕਿਤੇ ਲੈ ਕੇ ਜਾਣ ਲੱਗੇ।
ਉਸ ਸਮੇਂ ਜਿਆਦਾ ਸਦਮਾ ਲੱਗਿਆ ਜਦੋਂ ਉਹਨਾਂ ਨੂੰ ਇੰਡੀਆ ਦੇ ਜਹਾਜ਼ ਵਿੱਚ ਬਿਠਾ ਕੇ ਵਾਪਸ ਭੇਜ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਕੋਲ ਅਜੇ ਦੋ ਸਾਲ ਦਾ ਸਟਡੀ ਵੀਜ਼ਾ ਹੈ ਤੇ ਉਸ ਨੂੰ ਕਿਉਂ ਭੇਜਿਆ ਗਿਆ ਹੈ ਉਸ ਦੀ ਕੋਈ ਗਲਤੀ ਨਹੀਂ ਹੈ ਉਸ ਦੇ ਨਾਲ ਇਹ ਧੱਕੇਸ਼ਾਹੀ ਹੋਈ ਹੈ। ਇਸ ਮਾਮਲੇ ਦੇ ਵਿੱਚ ਉਸ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਨਾਲ ਹੋਈ ਇਸ ਧੱਕੇਸ਼ਾਹੀ ਦੇ ਖਿਲਾਫ ਉਸ ਦੀ ਮਦਦ ਕੀਤੀ ਜਾਵੇ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਵੀ ਇਸ ਪਰਿਵਾਰ ਨਾਲ ਹਮਦਰਦੀ ਜਿਤਾਈ ਤੇ ਕਿਹਾ ਕਿ ਉਹ ਵੀ ਇਸ ਮਾਮਲੇ ਵਿੱਚ ਸੀਐਮ ਸਾਹਿਬ ਤੱਕ ਪੂਰੀ ਤਰ੍ਹਾਂ ਆਵਾਜ਼ ਪਹੁੰਚਾਉਣਗੇ ਤੇ ਜੋ ਵੀ ਇਸ ਪਰਿਵਾਰ ਦੀ ਮਦਦ ਹੋ ਸਕੇ ਹਰ ਸੰਭਵ ਮਦਦ ਕਰਾਉਣ ਦੀ ਕੋਸ਼ਿਸ਼ ਕਰਨਗੇ।