ਆਮ ਆਦਮੀ ਪਾਰਟੀ ਦੇ ਕੌਂਸਲਰ ਪਦਮਜੀਤ ਮਹਿਤਾ ਨਗਰ ਨਿਗਮ ਬਠਿੰਡਾ ਦੇ ਚੁਣੇ ਗਏ ਨਵੇਂ ਮੇਅਰ
ਅਸ਼ੋਕ ਵਰਮਾ
ਬਠਿੰਡਾ, 5 ਫਰਵਰੀ 2025: ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਸ਼੍ਰੀ ਮਨਜੀਤ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਮੌਜੂਦਗੀ ਵਿੱਚ ਅੱਜ ਇੱਥੇ ਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਹੋਈ ਚੋਣ ਦੌਰਾਨ ਸ੍ਰੀ ਪਦਮਜੀਤ ਮਹਿਤਾ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਨਵੇਂ ਮੇਅਰ ਚੁਣੇ ਗਏ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਦੌਰਾਨ ਵਾਰਡ ਨੰਬਰ 48 ਤੋਂ ਚੁਣੇ ਗਏ ਕੌਂਸਲਰ ਸ਼੍ਰੀ ਪਦਮਜੀਤ ਮਹਿਤਾ ਨੂੰ ਮੇਅਰ ਬਣਨ ਤੋਂ ਪਹਿਲਾਂ ਕੌਂਸਲਰ ਬਣਨ 'ਤੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਮਨਜੀਤ ਸਿੰਘ ਬਰਾੜ ਵੱਲੋਂ ਅਤੇ ਨਗਰ ਨਿਗਮ ਦਾ ਮੇਅਰ ਚੁਣੇ ਜਾਣ ਉਪਰੰਤ ਕਨਵੀਨਰ ਬਲਜੀਤ ਸਿੰਘ ਰਾਜੂ ਸਰਾਂ ਵੱਲੋਂ ਸਹੁੰ ਚੁਕਵਾਈ ਗਈ।
ਨਗਰ ਨਿਗਮ ਬਠਿੰਡਾ ਦੇ 50 ਕੌਂਸਲਰਾਂ ਅਤੇ ਇੱਕ ਵਿਧਾਇਕ ਬਠਿੰਡਾ (ਸ਼ਹਿਰੀ) ਦੀ ਵੋਟ ਦੁਆਰਾ ਮੇਅਰ ਦੀ ਚੋਣ ਕੀਤੀ ਜਾਣੀ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪਦਮਜੀਤ ਮਹਿਤਾ ਨੂੰ ਅਤੇ ਕਾਂਗਰਸ ਪਾਰਟੀ ਵੱਲੋਂ ਸ੍ਰੀ ਬਲਜਿੰਦਰ ਸਿੰਘ ਠੇਕੇਦਾਰ ਨੂੰ ਉਮੀਦਵਾਰ ਐਲਾਨਿਆ ਗਿਆ।
ਇਸ ਮੌਕੇ ਮੇਅਰ ਦੀ ਚੋਣ ਲਈ ਮੌਜੂਦ ਕੌਂਸਲਰਾਂ ਅਤੇ ਵਿਧਾਇਕ ਵੱਲੋਂ ਆਪਣੀ ਵੋਟਿੰਗ ਉਮੀਦਵਾਰਾਂ ਦੇ ਹੱਕ ਵਿੱਚ ਖੜ੍ਹੇ ਹੋ ਕੇ ਕੀਤੀ ਗਈ, ਜਿਸ ਦੌਰਾਨ ਸ਼੍ਰੀ ਪਦਮਜੀਤ ਮਹਿਤਾ ਨੂੰ ਖੁਦ ਸਮੇਤ 33 ਕੌਂਸਲਰਾਂ ਦਾ ਸਮਰਥਨ ਮਿਲਿਆ ਜਦਕਿ ਉਨ੍ਹਾਂ ਦੇ ਮੁਕਾਬਲੇ ਬਲਜਿੰਦਰ ਸਿੰਘ ਠੇਕੇਦਾਰ ਨੂੰ ਖੁਦ ਸਮੇਤ ਸਿਰਫ਼ 15 ਕੌਂਸਲਰਾਂ ਦੀ ਹਮਾਇਤ ਪ੍ਰਾਪਤ ਹੋਈ। ਜਦਕਿ ਇਸ ਦੌਰਾਨ 3 ਕੌਂਸਲਰ ਗੈਰਹਾਜ਼ਰ ਰਹੇ।
ਇਸ ਮੌਕੇ ਜੁਆਇੰਟ ਕਮਿਸ਼ਨਰ ਨਗਰ ਨਿਗਮ ਸ. ਜਸਪਾਲ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਹੋਰ ਉਚ ਅਧਿਕਾਰੀ ਆਦਿ ਹਾਜ਼ਰ ਸਨ।