ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦਾ ਦੌਰਾ
- ਮਿਡ-ਡੇ ਮੀਲ ਤਹਿਤ ਬੱਚਿਆਂ ਨੂੰ ਪਰੋਸੇ ਜਾਂਦੇ ਖਾਣੇ ਦਾ ਲਿਆ ਜਾਇਜ਼ਾ
- ਆਂਗਣਵਾੜੀ ਕੇਂਦਰਾਂ ਦੀ ਵੀ ਕੀਤੀ ਚੈਕਿੰਗ, ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਚੱਲ ਰਹੀਆਂ ਸਕੀਮਾਂ ਦਾ ਵੀ ਕੀਤਾ ਨਿਰੀਖਣ
ਜਲੰਧਰ, 24 ਜਨਵਰੀ 2025: ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਅੱਜ ਜ਼ਿਲ੍ਹਾ ਜਲੰਧਰ ਦੇ ਅਚਨਚੇਤ ਦੌਰੇ ਦੌਰਾਨ ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ।
ਦੌਰੇ ਦੌਰਾਨ ਸ਼੍ਰੀ ਧਾਲੀਵਾਲ ਨੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਨਵਾਂ ਪਿੰਡ ਜੱਟਾਂ, ਸਰਕਾਰੀ ਪ੍ਰਾਇਮਰੀ ਸਕੂਲ ਆਲੇਵਾਲੀ, ਸਰਕਾਰੀ ਸੀਨੀਅਰ ਸੈਕੰਡਰੀ ਅਤੇ ਐਲੀਮੈਂਟਰੀ ਸਕੂਲ ਭੁੱਲਰ, ਸਰਕਾਰੀ ਪ੍ਰਾਇਮਰੀ ਸਕੂਲ ਢੰਡੋਵਾਲ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਕੇਂਦਰ ਨਵਾਂ ਪਿੰਡ ਜੱਟਾਂ, ਢੰਡੋਵਾਲ ਅਤੇ ਆਲੇਵਾਲੀ ਦਾ ਦੌਰਾ ਕਰਕੇ ਬੱਚਿਆਂ ਨੂੰ ਪਰੋਸੇ ਜਾਂਦੇ ਖਾਣੇ ਦਾ ਜਾਇਜ਼ਾ ਲਿਆ।
ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਮਿਡ-ਡੇ ਮੀਲ ਤਹਿਤ ਦਿੱਤੇ ਜਾਂਦੇ ਖਾਣੇ ਦੀ ਜਾਂਚ ਤੋਂ ਇਲਾਵਾ ਸਕੂਲਾਂ ਦੇ ਅਨਾਜ ਭੰਡਾਰ ਘਰਾਂ ਦਾ ਨਿਰੀਖਣ ਵੀ ਕੀਤਾ। ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਸਾਫ਼-ਸਫਾਈ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪਰੋਸੇ ਜਾਂਦੇ ਖਾਣੇ ਦੀ ਗੁਣਵੱਤਾ ਹਰ ਹਾਲ ਯਕੀਨੀ ਬਣਾਈ ਜਾਵੇ।
ਇਸ ਉਪਰੰਤ ਆਂਗਣਵਾੜੀ ਕੇਂਦਰਾਂ ਦੀ ਚੈਕਿੰਗ ਕੀਤੀ ਗਈ, ਜਿਥੇ ਉਨ੍ਹਾਂ ਲਾਭਪਾਤਰੀਆਂ ਅਤੇ ਉਨ੍ਹਾਂ ਦਿੱਤੇ ਜਾ ਰਹੇ ਲਾਭ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਚੈਕਿੰਗ ਦੌਰਾਨ ਆਂਗਣਵਾੜੀ ਸੈਂਟਰ ਵਿੱਚ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਸਾਮਾਨ ਦੀ ਵੰਡ ਲਾਭਪਾਤਰੀਆਂ ਨੂੰ ਕੀਤੀ ਜਾ ਚੁੱਕੀ ਸੀ। ਇਸ ਦੌਰਾਨ ਆਂਗਣਵਾੜੀ ਕੇਂਦਰਾਂ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ।
ਆਪਣੇ ਦੌਰੇ ਦੌਰਾਨ ਸ਼੍ਰੀ ਧਾਲੀਵਾਲ ਨੇ ਲਾਭਪਾਤਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ ਪੰਜਾਬ ਸਟੇਟ ਫੂਡ ਕਮਿਸ਼ਨ ਦੀ ਈਮੇਲ punjabfoodcommission@gmail.com ਅਤੇ ਹੈਲਪਲਾਈਨ ਨੰਬਰ 9876764545 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ (ਵਿਕਾਸ) ਪਾਸ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।