ਗਣਤੰਤਰ ਦਿਵਸ ; ਫੁੱਲ ਡਰੈੱਸ ਰਿਹਰਸਲ 'ਚ ਦਿਸਿਆ ਦੇਸ਼ ਭਗਤੀ ਦਾ ਜਜ਼ਬਾ
- ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ, ਪ੍ਰਬੰਧਾਂ ਦਾ ਲਿਆ ਜਾਇਜ਼ਾ
- ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
- 26 ਜਨਵਰੀ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਲਹਿਰਾਉਣਗੇ ਕੌਮੀ ਝੰਡਾ
ਜਲੰਧਰ, 24 ਜਨਵਰੀ 2025 - 76ਵੇਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਕੀਤੀ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ।
ਉਪਰੰਤ ਡਿਪਟੀ ਕਮਿਸ਼ਨਰ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਰੇਡ ਕਮਾਂਡਰ ਸ਼੍ਰੀਵੈਨੇਲਾ ਦੀ ਅਗਵਾਈ ਵਾਲੇ ਮਾਰਚ ਪਾਸਟ ਤੋਂ ਸਲਾਮੀ ਲਈ। ਪਰੇਡ ਵਿੱਚ ਆਈ.ਟੀ.ਬੀ.ਪੀ., ਪੰਜਾਬ ਪੁਲਿਸ (ਪੁਰਸ਼ ਤੇ ਮਹਿਲਾ), ਪੰਜਾਬ ਹੋਮ ਗਾਰਡਜ਼, ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕੇ, ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕੀਆਂ ਅਤੇ ਸੀ.ਆਰ.ਪੀ.ਐਫ. ਬੈਂਡ ਸ਼ਾਮਲ ਸਨ।
ਇਸ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਵਿਕਾਸ ਪੱਖੀ ਨੀਤੀਆਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ।
ਰਿਹਰਸਲ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਾਸ ਪੀਟੀ ਸ਼ੋਅ ਪੇਸ਼ ਕਰਨ ਤੋਂ ਇਲਾਵਾ ਨਿਊ ਸੇਂਟ ਸੋਲਜ਼ਰ ਸਕੂਲ, ਇਨੋਸੈਂਟ ਹਾਰਟ ਸਕੂਲ, ਰੈੱਡ ਕਾਰਸ ਸਕੂਲ ਫਾਰ ਡੈੱਫ, ਡਿਪਸ ਸਕੂਲ ਸੂਰਾਨੁੱਸੀ, ਸੈਕਰਡ ਹਾਰਟ ਕਾਨਵੈਂਟ ਸਕੂਲ. ਨੌਗੱਜਾ, ਏ.ਪੀ.ਜੇ. ਸਕੂਲ, ਮਾਨਵ ਸਹਿਯੋਗ ਸਕੂਲ, ਐਸ.ਟੀ.ਐਸ. ਸਕੂਲ ਰੁੜਕਾ ਕਲਾਂ, ਐਸ.ਡੀ.ਫੁੱਲਰਵਾਨ ਸਕੂਲ ਅਤੇ ਪੁਲਿਸ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ְਨਾਲ ਓਤ-ਪ੍ਰੋਤ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਇਸ ਉਪਰੰਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਵਲ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ, ਜਿਸ ਵਿੱਚ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਤਿਰੰਗਾ ਲਹਿਰਾਇਆ ਜਾਵੇਗਾ, ਨੂੰ ਸੁਚੱਜੇ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸੁਰੱਖਿਆ, ਟ੍ਰੈਫਿਕ, ਪਾਰਕਿੰਗ ਸਮੇਤ ਸਾਰੇ ਲੋੜੀਂਦੇ ਇੰਤਜ਼ਾਮ ਪੁਖ਼ਤਾ ਹੋਣੇ ਚਾਹੀਦੇ ਹਨ।
ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਬਓਤਮ ਝਾਕੀ ਵੀ ਚੁਣੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ ਨੂੰ ਦੇਸ਼ ਭਗਤੀ ਦੇ ਜਜ਼ਬੇ ਅਤੇ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ, ਸਹਾਇਕ ਕਮਿਸ਼ਨਰ ਸੁਨੀਲ ਫੋਗਟ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁਧੀ ਰਾਜ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।