ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ 25 ਜਨਵਰੀ ਨੂੰ
- ਸਕੂਲ ਆਫ ਐਮੀਨੈਂਸ, 3ਬੀ-1, ਮੋਹਾਲੀ ਤੋਂ ਸ਼ਿਵਾਲਿਕ ਪਬਲਿਕ ਸਕੂਲ ਪੁੱਜੇਗੀ ਸਾਈਕਲ ਰੈਲੀ
ਹਰਜਿੰਦਰ ਸਿੰਘ ਭੱਟੀ
ਐੱਸ.ਏ.ਐੱਸ ਨਗਰ 24 ਜਨਵਰੀ, 2025: ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ, ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6, ਮੋਹਾਲੀ ਵਿਖੇ 25 ਜਨਵਰੀ 2025 ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਇਸ ਜਾਣਕਾਰੀ ਦਿੰਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ- ਕਮ - ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਅੱਗੇ ਦੱਸਿਆ ਗਿਆ ਕਿ ਇਸ ਮੌਕੇ ਸਕੂਲ ਆਫ ਐਮੀਨੈਂਸ, 3ਬੀ-1, ਮੋਹਾਲੀ ਤੋਂ ਇੱਕ ਸਾਈਕਲ ਰੈਲੀ ਸਵੇਰੇ 10.00 ਵਜੇ ਸ਼ੁਰੂ ਹੋ ਕੇ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ ਖਤਮ ਹੋਵੇਗੀ।
ਇਸ ਤੋਂ ਇਲਾਵਾ ਸਵੀਪ ਪੇਂਟਿੰਗ ਪ੍ਰਦਰਸ਼ਨੀ, ਲੜਕੀਆਂ ਦਾ ਲੋਕਤੰਤਰ ਨੂੰ ਸਮਰਪਿਤ ਗਿੱਧਾ, ਭੰਗੜਾ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ, ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਦਾ ਵੀਡਿਉ ਸੰਦੇਸ਼ ਅਤੇ ਲੋਕ ਸਭਾ ਚੋਣ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਵੀ ਜ਼ਿਲ੍ਹਾ ਪੱਧਰੀ ਸਮਾਗਮ ਦਾ ਹਿੱਸਾ ਹੋਵੇਗਾ।