ਛਾਤੀ ਜਾਮ ਹੋਣਾ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਵਰਗੇ ਲੱਛਣ ਨਿਮੋਨੀਆ ਦੀ ਨਿਸ਼ਾਨੀ : ਡਾ. ਰਿਤੂ ਦੀਪਤੀ
- "ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਪ੍ਰੋਗਰਾਮ ਸਬੰਧੀ ਬਲਾਕ ਪੱਧਰੀ ਕਪੈਸਿਟੀ ਬਿਲਡਿੰਗ ਟ੍ਰੇਨਿੰਗ ਕਰਵਾਈ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 24 ਜਨਵਰੀ,2025
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ
ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਯੋਗ ਰਹਿਨੁਮਾਈ ਹੇਠ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਵਿਖੇ ਅੱਜ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਲਈ ਬਲਾਕ ਪੱਧਰੀ ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਸੀ ਐੱਚ ਓਜ, ਏ ਐੱਨ ਐੱਮਜ ਤੇ ਆਸ਼ਾ ਵਰਕਰਾਂ ਨੇ ਭਾਗ ਲਿਆ।
ਇਸ ਮੌਕੇ ਮੈਡੀਕਲ ਅਫਸਰ ਡਾ. ਰਿਤੂ ਦੀਪਤੀ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਇਸਦੇ ਮੁਕੰਮਲ ਟੀਚਿਆਂ ਨੂੰ ਪ੍ਰਾਪਤ ਕਰਨ 'ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ) ਪ੍ਰੋਗਰਾਮ ਤਹਿਤ ਕਮਿਊਨਿਟੀ ਵਿੱਚ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਿਚ ਮਦਦ ਮਿਲ ਸਕੇ।
ਡਾ. ਰਿਤੂ ਦੀਪਤੀ ਨੇ ਦੱਸਿਆ ਕਿ ਨਿਮੋਨੀਆ ਕਾਰਨ ਹੋ ਰਹੀਆਂ ਮੌਤਾਂ ਰੋਕੀਆਂ ਜਾ ਸਕਦੀਆਂ ਹਨ ਜੇ ਸਮੇਂ ਸਿਰ ਇਸ ਦੀ ਜਾਂਚ ਅਤੇ ਇਲਾਜ ਕਰਵਾਇਆ ਜਾਵੇ। ਹਾਲਾਂਕਿ ਪੰਜਾਬ ਵਿਚ ਬੱਚਿਆਂ ਦੀ ਮੌਤ ਦਰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਘੱਟ ਹੈ ਪਰ ਫਿਰ ਵੀ ਸਿਹਤ ਵਿਭਾਗ ਬੱਚਿਆਂ ਦੀ ਸੰਪੂਰਨ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ 6 ਮਹੀਨੇ ਮਾਂ ਦਾ ਦੁੱਧ, ਪੂਰਕ ਖੁਰਾਕ, ਵਿਟਾਮਿਨ-ਏ ਸਪਲੀਮੈਂਟ, ਪੀ.ਸੀ.ਵੀ ਟੀਕੇ ਦੀ ਕਵਰੇਜ ਵਧਾਉਣ, ਹੱਥ ਧੋਣਾ ਅਤੇ ਘਰਾਂ ਵਿੱਚ ਹਵਾ ਪ੍ਰਦੂਸ਼ਣ ਘਟਾਉਣਾ ਅਤੇ ਸਮੇਂ ਸਿਰ ਇਲਾਜ ਦੀ ਜ਼ਰੂਰਤ ਹੁੰਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਅਪਣਾ ਕੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 15 ਫੀਸਦੀ ਬੱਚਿਆਂ ਦੀ ਮੌਤ ਨਿਮੋਨੀਆ ਦੀ ਵਜ੍ਹਾ ਨਾਲ ਹੁੰਦੀ ਹੈ। ਨਿਮੋਨੀਆ ਦੀ ਸਮੇਂ ਸਿਰ ਪਛਾਣ ਤੇ ਇਲਾਜ ਕਰਕੇ ਬੱਚਿਆਂ ਦੀ ਮੌਤ ਨੂੰ ਘਟਾਇਆ ਜਾ ਸਕਦਾ ਹੈ। ਇਸ ਲਈ ਇਹ ਪ੍ਰੋਗਰਾਮ ਬਹੁਤ ਮਹੱਤਵਪੂਰਨ ਹੈ। ਇਸ ਪ੍ਰੋਗਰਾਮ ਤਹਿਤ ਸਾਲ 2025 ਤੱਕ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਵਿਚ ਪ੍ਰਤੀ 1000 ਜ਼ਿੰਦਾ ਬੱਚਿਆਂ ਵਿਚ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ 3 ਤੋੰ ਘੱਟ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਵਿੱਚ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ) ਨੂੰ ਵੀ ਸ਼ਾਮਲ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਪੀ.ਸੀ.ਵੀ ਟੀਕਾ ਬਿਮਾਰੀ ਦੇ ਬੈਕਟੀਰੀਆ ਨੂੰ ਫੈਲਣ ਤੋਂ ਰੋਕਦਾ ਹੈ। ਨਿਊਮੋਕੋਕਲ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ, ਜੋ ਛੋਟੇ ਬੱਚਿਆਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਇਸ ਬਿਮਾਰੀ ਦੀ ਚਪੇਟ ਵਿਚ ਆਉਣ ਵਾਲੇ ਬੱਚੇ ਆਮ ਤੌਰ ਤੇ ਨਿਊਮੋਕੋਕਲ ਨਿਮੋਨਿਆ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਉਨ੍ਹਾਂ ਦੇ ਫੇਫੜਿਆਂ 'ਚ ਜਲਣ ਹੋਣ ਲੱਗਦੀ ਹੈ ਅਤੇ ਉਨ੍ਹਾਂ ’ਚ ਪਾਣੀ ਭਰ ਜਾਂਦਾ ਹੈ। ਇਸ ਬਿਮਾਰੀ ਕਾਰਨ ਖੰਘ ਆਉਂਦੀ ਹੈ ਅਤੇ ਸਾਹ ਲੈਣ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ। ਇਹ ਲੱਛਣ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ।
ਇਸ ਮੌਕੇ ਮੈਡੀਕਲ ਅਫਸਰ ਡਾ ਨਵੀਨ ਸ਼ਰਮਾ ਨੇ ਦੱਸਿਆ ਕਿ ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ ਵਿਚ ਹੁੰਦਾ ਹੈ, ਪਰ ਇਹ 24 ਮਹੀਨੇ ਤੱਕ ਬਣਿਆ ਰਹਿੰਦਾ ਹੈ। ਇਸ ਦੇ ਆਮ ਲੱਛਣਾਂ ਵਿਚ ਬੁਖਾਰ, ਦਰਦ ਅਤੇ ਕੰਨ ਵਿਚੋਂ ਰਿਸਾਵ, ਨੱਕ ਬੰਦ ਹੋਣਾ ਅਤੇ ਨੱਕ ਵਿਚੋਂ ਰਿਸਾਵ, ਖੰਘ, ਸਾਹ ਤੇਜ ਆਉਣਾ, ਸਾਹ ਲੈਣ ’ਚ ਪ੍ਰੇਸ਼ਾਨੀ ਅਤੇ ਛਾਤੀ ਜਾਮ ਹੋਣਾ, ਦੌਰੇ ਪੈਣਾ, ਗਰਦਨ ਅਕੜ ਜਾਣਾ, ਸਦਮਾ ਲੱਗਣਾ ਆਦਿ ਸ਼ਾਮਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਵਿਕਾਸ ਵਿਰਦੀ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਅੰਮ੍ਰਿਤਪਾਲ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।