ਬਟਾਲਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਜਾਗਰੂਕਤਾ ਸੈਮੀਨਾਰ
ਰੋਹਿਤ ਗੁਪਤਾ
ਬਟਾਲਾ, 10 ਜਨਵਰੀ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਦੇ ਦਿਸ਼ਾ-ਨਿਰਦੇਸਾਂ ਹੇਠ ਬਟਾਲਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਤੋਖਪੁਰ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਗੁੱਡ ਟੱਚ, ਬੈਡ ਟੱਚ, ਹਰੇ ਵਾਤਾਵਰਣ ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਸ੍ਰੀਮਤੀ ਜਸਵੰਤ ਕੌਰ, (ਐਸ.ਪੀ.ਐੱਚ) ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕਰਨ ਦੇ ਮੰਤਵ ਨਾਲ ਵੱਖ-ਵੱਖ ਪੱਧਰ ’ਤੇ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ।
ਉਨਾਂ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਦੇ ਨਾਲ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਨੌਜਵਾਨਾਂ ਵਲੋਂ ਪੂਰੇ ਉਤਸ਼ਾਹ ਨਾਲ ਖੇਡਾਂ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਨਸ਼ਾ ਇਕ ਮਾਨਸਿਕ ਰੋਗ ਹੈ ਜੋ ਇਨਸਾਨ ਨੂੰ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਹੈ, ਇਸ ਲਈ ਸਾਨੂੰ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਨਸ਼ਿਆਂ ਦੀ ਦਲਦਲ ਵਿੱਚ ਫਸਦਾ ਹੈ ਤਾਂ ਇਸਦਾ ਇਲਾਜ ਵੀ ਸੰਭਵ ਹੈ ਤੇ ਉਸਦਾ ਇਹ ਇਲਾਜ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।