ਮਾਘੀ ਮੇਲੇ ਸਬੰਧੀ DC ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਰਿਵਿਊ ਮੀਟਿੰਗ
- -ਮਾਘੀ ਮੇਲੇ ਦੌਰਾਨ ਸ਼ਹਿਰ ਨੂੰ ਵੰਡਿਆਂ ਜਾਵੇਗਾ ਸੱਤ ਸੈਕਟਰਾਂ ਵਿੱਚ
ਹਰੇਕ ਸੈਕਟਰ ਅਫਸਰ ਆਪਣੀ ਅਗੇਤੀ ਕਾਰਗੁਜਾਰੀ ਸਬੰਧੀ ਦੇਣ ਰੋਜਾਨਾ ਆਪਣੀ ਰਿਪੋਰਟ
ਸ਼੍ਰੀ ਮੁਕਤਸਰ ਸਾਹਿਬ 7 ਜਨਵਰੀ- ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੇ ਅਗੇਤੇ ਪ੍ਰਬੰਧਾਂ ਸਬੰਧੀ ਰਿਵਿਊ ਮੀਟਿੰਗ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਮਾਘੀ ਦਾ ਮੇਲਾ ਇੱਕ ਪਵਿੱਤਰ ਤੇ ਇਤਿਹਾਸਕ ਮੇਲਾ ਹੈ ਅਤੇ ਇਸ ਮੇਲੇ ਨੂੰ ਸਫਲ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਮਾਘੀ ਦੇ ਮੇਲੇ ਦੌਰਾਨ ਸ਼ਹਿਰ ਨੂੰ ਸੱਤ ਸੈਕਟਰਾਂ ਵਿੱਚ ਵੰਡਿਆ ਗਿਆ ਅਤੇ ਹਰ ਸੈਕਟਰ ਵਿੱਚ ਨੋਡਲ ਅਫਸਰ ਦੀ ਡਿਊਟੀ ਲਗਾ ਦਿੱਤੀ ਗਈ ਹੈ, ਜੋ ਮਾਘੀ ਮੇਲੇ ਤੇ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਸਬੰਧੀ ਆਪਣੀਆਂ ਗਤੀਵਿਧੀਆਂ ਬਾਰੇ ਰਿਪੋਰਟ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਮ੍ਹਾਂ ਕਰਵਾਉਣਗੇ ਤਾਂ ਜੋ ਮੇਲੇ ਦੌਰਾਨ ਕਿਸੇ ਵੀ ਸਰਧਾਲੂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
ਉਹਨਾਂ ਸੈਕਟਰ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਆਪਣੇ-ਆਪਣੇ ਖੇਤਰ ਵਿੱਚ ਪਲਾਸਟਿਕ ਦੀ ਨਿਰੰਤਰ ਚੈਕਿੰਗ ਕਰਦੇ ਰਹੇ ਤਾਂ ਜੋ ਮੇਲੇ ਨੂੰ ਪਲਾਸਟਿਕ ਮੁਕਤ ਸਬੰਧੀ ਢੁਕਵੇਂ ਪ੍ਰਬੰਧ ਮੁਕੰਮਲ ਹੋ ਸਕੇ।
ਉਨ੍ਹਾਂ ਨਗਰ ਕੌਸਲ ਨੂੰ ਹਦਾਇਤ ਕੀਤੀ ਕਿ ਮਾਘੀ ਮੇਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਨੂੰ ਲੱਗਦੇ ਸਾਰੇ ਗੇਟਾਂ ਦੀ ਅਤੇ ਸ਼ਹਿਰ ਦੀ ਸਮੁੱਚੀ ਸਫਾਈ ਤੇ ਨਜਾਇਜ਼ ਕਬਜ਼ੇ ਹਟਵਾਏ ਜਾਣ ।
ਡਿਪਟੀ ਕਮਿਸ਼ਨਰ ਨੇ ਬੀ.ਐਂਡ.ਆਰ.(ਸੜਕਾਂ),ਮੰਡੀ ਬੋਰਡ ਅਤੇ ਨਗਰ ਕੌਸਲ ਨੂੰ ਹਦਾਇਤ ਕੀਤੀ ਕਿ ਸ਼ਹਿਰ ਨੂੰ ਜੋੜਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਨੇਪਰੇ ਚਾੜਿਆ ਜਾਵੇ।
ਉਹਨਾਂ ਅੱਗੇ ਦੱਸਿਆ ਕਿ ਮੇਲੇ ਦੌਰਾਨ ਬਣਾਏ ਜਾਣ ਵਾਲੇ ਆਰਜੀ ਬੱਸ ਸਟੈਂਡਾਂ ਤੋਂ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਫਤ ਆਵਾਜਾਈ ਦਾ ਪ੍ਰਬੰਧ ਕੀਤਾ ਜਾਵੇਗਾ।
ਮਾਘੀ ਮੇਲੇ ਦੌਰਾਨ ਜਨਤਾਂ ਦੀ ਜਾਨ ਅਤੇ ਮਾਲ ਦੀ ਹਿਫਾਜਤ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ ਤਾਂ ਜੋ ਅਣਸੁਖਾਵੀਂ ਘਟਨਾਵਾਂ ਨੂੰ ਵਾਪਰਣ ਤੋਂ ਰੋਕਿਆ ਜਾ ਸਕੇ।
ਉਹਨਾਂ ਲੰਗਰ ਲਗਾਉਣ ਵਾਲੇ ਸਰਧਾਲੂਆਂ ਨੂੰ ਵੀ ਅਪੀਲ ਕੀਤੀ ਕਿ ਮੇਲੇ ਦੌਰਾਨ ਪਲਾਸਟਿਕ ਰਹਿਤ ਲੰਗਰ ਵਰਤਾਇਆ ਜਾਵੇ ਅਤੇ ਸਾਫ ਸਫਾਈ ਦਾ ਉਚੇਚਾ ਧਿਆਨ ਰੱਖਿਆ ਜਾਵੇ।
ਉਨ੍ਹਾਂ ਜਨ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਸੀਵਰੇਜ ਦੀ ਸਮੱਸਿਆ ਅਤੇ ਆਰਜੀ ਪਖਾਨਿਆਂ ਦੇ ਪ੍ਰਬੰਧ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੇਲੇ ਦੌਰਾਨ ਆਰ.ਓ ਸਿਸਟਮ ਵਾਲੇ ਪੀਣ ਵਾਲੇ ਸਾਡ ਸੁਞਰੇ ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਤਕਲੀਫ ਪੇਸ਼ ਨਾ ਆਉਣ ਦਿੱਤੀ ਜਾਵੇ ।
ਉਹਨਾਂ ਪਾਵਰ ਕਾਮ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਨਿਰਵਿਘਣ ਬਿਜਲੀ ਸਪਲਾਈ ਜਾਰੀ ਰੱਖੀ ਜਾਵੇ ਅਤੇ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉਚੀਆਂ ਚੁੱਕੀਆਂ ਜਾਣ।
ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲਾ ਮਾਘੀ ਦੌਰਾਨ ਸ਼ਹਿਰ ਵਿੱਚ ਪਾਰਕਿੰਗ ਲਈ ਢੁਕਵੀਆਂ ਥਾਵਾਂ ਦੀ ਚੋਣ ਕਰ ਲਈ ਜਾਵੇ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੌਰਾਨ ਸੰਗਤਾਂ ਦੀ ਸਹੂਲਤ ਲਈ ਸਿਵਿਲ ਕੰਟਰੋਲ ਰੂਮ ਡਿਪਟੀ ਕਮਿਸ਼ਨਰ ਦਫਤਰ ਵਿਖੇ, ਜਦਕਿ ਪੁਲਿਸ ਕੰਟਰੋਲ ਰੂਮ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਇਆ ਜਾਵੇਗਾ।
ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ(ਜਨਰਲ), ਸ੍ਰੀ ਗੁਰਦਰਸ਼ਨ ਲਾਲ ਕੁੰਡਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ.ਬਲਦੇਵ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।