ਹਮਾਂਯੂਪੁਰ ਦੀ ਸ਼ਾਮਲਾਤ ਜ਼ਮੀਨ 'ਚੋਂ 300 ਦਰੱਖਤ ਵੱਢਣ ਦਾ ਮਾਮਲਾ ਭੇਟ ਬਣਿਆ: ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਨ ਦਾ ਭਰੋਸਾ
- ਬੀਡੀਪੀਓ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ, ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਦਾ ਭਰੋਸਾ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਜਨਵਰੀ 2024: ਹੰਡੇਸਰਾ ਨੇੜਲੇ ਪਿੰਡ ਹਮਾਂਯੂਪੁਰ ਦੀ ਸ਼ਾਮਲਾਤ ਜ਼ਮੀਨ ਵਿੱਚੋਂ ਦਰੱਖਤ ਵੱਢਣ ਦੇ ਕੇਸ ਵਿੱਚ ਭਾਵੇਂ ਸਥਾਨਕ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਪਰ ਇਸ ਦੇ ਬਾਵਜੂਦ ਅਜੇ ਵੀ ਦਰੱਖਤ ਵੱਢਣ ਦਾ ਮਾਮਲਾ ਰਹੱਸ ਬਣਿਆ ਹੋਇਆ ਹੈ , ਜੋ ਕਿ ਗੰਭੀਰ ਸਵਾਲਾਂ ਨੂੰ ਜਨਮ ਦਿੰਦਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੱਖ-ਵੱਖ ਅਖਬਾਰਾਂ ਵਿੱਚ ਹਮਾਂਯੂਪੁਰ ਵਿਖੇ ਦਰੱਖਤ ਵੱਢਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ । 300 ਦੇ ਕਰੀਬ ਦੱਸੇ ਜਾਂਦੇ ਇਨ੍ਹਾਂ ਸਫੈਦਿਆਂ ਦੇ ਦਰੱਖਤਾਂ ਦੀ ਕੀਮਤ ਪ੍ਰਤੀ ਸਫੈਦਾ ਕਰੀਬ ਚਾਰ ਤੋਂ ਪੰਜ ਹਜ਼ਾਰ ਰੁਪਏ ਦੱਸੀ ਜਾਂਦੀ ਹੈ । ਇਸ ਤਰ੍ਹਾਂ ਲੱਖਾਂ ਰੁਪਏ ਦੀ ਇਹ ਚੋਰੀ ਸਰਕਾਰੀ ਸੰਪਤੀ ਦੀ ਚਿੱਟੇ ਦਿਨ ਲੁੱਟ ਹੈ ।
ਇਸ ਉਪਰੰਤ ਬੀਡੀਪੀਓ ਡੇਰਾਬੱਸੀ ਗੁਰਪ੍ਰੀਤ ਸਿੰਘ ਮਾਂਗਟ ਨੇ ਹੰਡੇਸਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਮਾਂਯੂਪੁਰ ਵਿੱਚ ਚੋਰੀ ਹੋਏ ਦਰੱਖਤਾਂ ਬਾਰੇ ਨਵੀਂ ਪੰਚਾਇਤ ਵੱਲੋਂ ਇੱਕ ਮਤਾ ਦਿੱਤਾ ਗਿਆ ਹੈ, ਜਿਸ ਉੱਤੇ ਕਾਰਵਾਈ ਕਰਦਿਆਂ ਇਸ ਮਤੇ ਦੇ ਅਧਾਰ ਉੱਤੇ ਥਾਣੇ ਵਿੱਚ ਸੂਚਨਾ ਦਿੱਤੀ ਗਈ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਅਜੇ ਵੀ ਕਈ ਗੰਭੀਰ ਸਵਾਲ ਖੜੇ ਹੋ ਰਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਕ ਛੋਟੇ ਜਿਹੇ ਪਿੰਡ ਵਿੱਚੋਂ ਐਨੇ ਵੱਡੇ ਪੱਧਰ ਉੱਤੇ ਦਰੱਖਤ ਵੱਢਣੇ ਤੇ ਫਿਰ ਉਨ੍ਹਾਂ ਨੂੰ ਵਾਹਨਾਂ ਵਿਚੋਂ ਚੁੱਕ ਕੇ ਲੈ ਜਾਣਾ ਦਾ ਕਿਸੇ ਨੂੰ ਵੀ ਪਤਾ ਨਾ ਲੱਗਣਾ ਗੰਭੀਰ ਸਾਜ਼ਿਸ਼ ਤੇ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ। ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਤਾਂ ਪਿੰਡਾਂ ਵਿੱਚ ਵੀ ਬਹੁਤ ਥਾਈਂ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਇਸ ਪਿੰਡ ਵਿੱਚ ਵੀ ਇੱਕ ਸਰਕਾਰੀ ਬੈਂਕ ਤੇ ਸਰਕਾਰੀ ਟੈਂਕੀ ਸਮੇਤ ਹੋਰਨਾਂ ਥਾਈਂ ਕੈਮਰੇ ਲੱਗੇ ਹੋਏ ਹਨ। ਆਮ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਨੂੰ ਚੈਕ ਕਰਕੇ ਤੇ ਦਰੱਖਤ ਢੋਹਣ ਵਾਲੇ ਵਾਹਨਾਂ ਦੀ ਨਿਸ਼ਾਨਦੇਹੀ ਕਰਕੇ ਦੋਸ਼ੀਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਗਾਂਹ ਤੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋ ਸਕੇ।
ਇਸ ਸਬੰਧੀ ਸੰਪਰਕ ਕਰਨ ਉਤੇ ਹੰਡੇਸਰਾ ਥਾਣੇ ਦੇ ਮੁੱਖੀ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਹਮਾਂਯੂਪੁਰ ਦੀ ਸ਼ਾਮਲਾਤ ਜ਼ਮੀਨ ਵਿਚੋਂ ਦਰੱਖਤ ਵੱਢਣ ਦੀ ਸ਼ਿਕਾਇਤ ਮਿਲੀ ਹੈ ਤੇ ਉਨ੍ਹਾਂ ਇਸ ਸਬੰਧੀ ਹਮਾਂਯੂਪੁਰ ਦੇ ਸਰਪੰਚ ਨਾਲ ਰਾਬਤਾ ਬਣਾਇਆ ਹੋਇਆ ਹੈ, ਪਰ ਫਿਲਹਾਲ ਉਹ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਏ ਹੋਏ ਹਨ । ਉਨ੍ਹਾਂ ਕਿਹਾ ਕਿ ਜਲਦ ਹੀ ਇਸ ਚੋਰੀ ਦੇ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇਗਾ ।