ਫਾਜ਼ਿਲਕਾ: ਬੱਚਿਆਂ 'ਚ ਨਮੂਨੀਆ ਦੀ ਜਲਦੀ ਪਹਿਚਾਨ ਅਤੇ ਸਮੇਂ ਸਿਰ ਇਲਾਜ ਜਰੂਰੀ: ਸਿਵਲ ਸਰਜਨ
ਨਮੂਨੀਆ ਦੀ ਜਲਦ ਜਾਂਚ ਸਬੰਧੀ ਪੈਰਾ ਮੈਡੀਕਲ ਸਟਾਫ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ
ਫਾਜ਼ਿਲਕਾ 7 ਜਨਵਰੀ 2025 - ਬੱਚਿਆਂ ਵਿਚ ਨਮੂਨੀਆ ਦੀ ਜਲਦ ਪਹਿਚਾਣ ਕਰਕੇ ਉਨ੍ਹਾ ਦੇ ਤੁਰੰਤ ਇਲਾਜ਼ ਲਈ “ਸਾਂਸ” ਪ੍ਰੋਗਰਾਮ ਤਹਿਤ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਵਲੋਂ ਡਾਕਟਰ, ਏ ਐਨ ਐਮ,ਸੀ ਐਚ ਓ ਅਤੇ ਆਸਾ ਦੀ ਸਿਖਲਾਈ ਕਰਵਾਈ ਜਾ ਰਹੀ ਹੈ ਤਾਂ ਜੋ ਬੱਚਿਆਂ ਚ ਨਮੂਨੀਆ ਦੀ ਜਲਦੀ ਪਹਿਚਾਣ ਕਰਕੇ ਸਮੇਂ ਸਿਰ ਇਲਾਜ ਕਰਕੇ ਬੱਚਿਆਂ ਚ ਮੌਤ ਦਰ ਨੂੰ ਘਟਾਇਆ ਜਾ ਸਕੇ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਾਜ਼ਿਲਕਾ ਡਾ. ਲਹਿੰਬਰ ਰਾਮ ਨੇ ਕੀਤਾ।
ਸਿਵਲ ਸਰਜਨ ਨੇਂ ਦੱਸਿਆ ਕਿ ਪੰਜਾਬ ਰਾਜ ਵਿਚ “ਸਾਂਸ” ( ਸੋਸ਼ਲ ਅਵੇਅਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ਼ ਨਮੂਨੀਆ ਸਕਸੈਸਫੁਲੀ) ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਵਿੱਚ ਨਮੂਨੀਆ ਦੀ ਜਲਦ ਜਾਂਚ ਕਰਕੇ ਪ੍ਰਭਾਵਤ ਬੱਚਿਆਂ ਦਾ ਜਲਦ ਇਲਾਜ ਕਰਨਾ ਹੈ ਤਾਂ ਜੋ ਨਮੂਨੀਆ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ ।ਉੁਹਨਾਂ ਕਿਹਾ ਕਿ ਨਮੂਨੀਆਂ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ 5 ਸਾਲ ਤੋ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸਭ ਤੋ ਵੱਡਾ ਕਾਰਨ ਹੈ।ਇਸ ਲਈ ਬੱਚਿਆਂ ਵਿਚ ਨਮੂਨੀਆਂ ਦੇ ਲੱਛਣ ਹੋਣ ਤੇ ਘਰੇਲੂ ਇਲਾਜ਼ ਕਰਾਉਣ ਦੀ ਬਜਾਏ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾਂ ਨਾਲ ਸੰਪਰਕ ਕਰਕੇ ਇਲਾਜ ਕਰਵਾਇਆ ਜਾਵੇ।
ਜਿਲ੍ਹਾ ਪਰਵਾਰ ਭਲਾਈ ਅਫਸਰ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਨਮੂਨੀਆਂ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦੇ ਦੁੱਧ ਪਿਲਾਉਣ , ਬੱਚੇ ਨੂੰ ਨਿੱਘਾ ਰੱਖਣ, ਪ੍ਰਦੂਸ਼ਣ ਰਹਿਤ ਆਲਾ ਦੁਆਲਾ, ਨਿੱਜੀ ਸਾਫ਼ ਸਫ਼ਾਈ ਰੱਖਣਾ ਅਤੇ ਪੂਰਾ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ ਇਸ ਲੜੀ ਤਹਿਤ ਪੀ ਸੀ ਵੀ ਟੀਕਾ ਲਗਵਾਉਣਾ ਵੀ ਜ਼ਰੂਰੀ ਹੈ । ਨਮੂਨੀਆਂ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਬੱਚਿਆਂ ਵਿੱਚ ਖਾਂਸੀ ਅਤੇ ਜੁਕਾਮ ਦਾ ਵੱਧਣਾ, ਸਾਹ ਤੇਜੀ ਨਾਲ ਲੈਣਾ, ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧਸਣਾ ਅਤੇ ਗੰਭੀਰ ਲੱਛਣ ਜਿਵੇਂ ਬੱਚੇ ਦਾ ਖਾ-ਪੀ ਨਾ ਸਕਣਾ, ਝੱਟਕੇ ਆਉਣਾ, ਸੁਸਤੀ ਜਾਂ ਨੀਂਦ ਜਿਆਦਾ ਆਉਣਾ ਆਦਿ ਵਾਲੇ ਬੱਚਿਆਂ ਦਾ ਤੁਰੰਤ ਇਲਾਜ਼ ਜਰੂਰੀ ਹੈ। ਇਸ ਸਮੇਂ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਵਿਨੋਦ ਕੁਮਾਰ, ਦਿਵੇਸ਼ ਕੁਮਾਰ, ਬਲਜੀਤ ਸਿੰਘ ਸਕੂਲ ਹੈਲਥ ਕੋਆਰਡੀਨੇਟਰ ਮੋਹਿੰਦਰ ਕੁਮਾਰ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ।