ਟਾਇਰ ਫਟਣ ਕਾਰਨ ਦਰਖਤ ਨਾਲ ਟਕਰਾਈ ਕਾਰ
- ਏਅਰ ਬੈਗ ਖੁੱਲਣ ਕਾਰਨ ਬਾਲ ਬਾਲ ਬੱਚਿਆਂ ਚਾਲਕ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 31 ਦਸੰਬਰ 2024 - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੀ ਨਿਕੋਸਰਾਂ ਦੇ ਨਜਦੀਕ ਤੇਜ ਰਫਤਾਰ ਸਵਿਫਟ ਕਾਰ ਦਰੱਖਤ ਵਿੱਚ ਵੱਜਣ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਾਰ ਚਾਲਕ ਦੀ ਗੱਡੀ ਦੇ ਏਅਰ ਬੈਗ ਖੁੱਲਣ ਦੇ ਨਾਲ ਵਾਲ ਵਾਲ ਜਾਣ ਬਚੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਦੀ ਪਤਨੀ ਅਤੇ ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਜੋ ਕਿ ਵਾਸੀ ਪਿੰਡ ਚਮਿਆਰੀ ਜਿਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਉਹ ਆਪਣੀ ਸਵਿਫਟ ਗੱਡੀ ਤੇ ਸਵਾਰ ਹੋ ਕੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਪਣੇ ਸਹੁਰੇ ਦੀਨਾਨਗਰ ਲੈਣ ਜਾ ਰਿਹਾ ਸੀ ਤੇ ਜਦ ਗੱਡੀ ਪਿੰਡ ਨਿੱਕੀ ਨਿਕੋਸਰਾ ਨੇੜੇ ਪੁੱਜੀ ਤਾਂ ਇੱਕਦਮ ਗੱਡੀ ਦਾ ਅਗਲਾ ਟਾਇਰ ਫਟ ਗਿਆ ਤੇ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਸੜਕ ਕਿਨਾਰੇ ਦਰੱਖਤ ਵਿੱਚ ਜਾ ਵੱਜੀ।
ਉਨਾਂ ਦੱਸਿਆ ਕਿ ਟੱਕਰ ਇਨੀ ਭਿਆਨਕ ਸੀ ਕਿ ਗੱਡੀ ਦੇ ਏਅਰ ਬੈਗ ਖੁੱਲ ਗਏ ਜਿਸ ਨਾਲ ਕਾਰ ਚਾਲਕ ਦੀ ਜਾਨ ਬਚ ਗਈ ਪਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਮਜੀਠੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।