ਕੈਬਨਿਟ ਸਬ-ਕਮੇਟੀ ਵੱਲੋਂ ਵਾਰ-ਵਾਰ ਮੀਟਿੰਗ ਅੱਗੇ ਪਾਉਣ 'ਤੇ ਮੈਰੀਟੋਰੀਅਸ ਟੀਚਰਜ਼ ਯੂਨੀਅਨ 'ਚ ਭਾਰੀ ਰੋਸ
ਸਰਕਾਰ ਨੇ ਸਾਡੇ ਨਤੀਜਿਆਂ ਦਾ ਮੁੱਲ ਨਹੀਂ ਪਾਇਆ - ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ
ਜੇ ਸਰਕਾਰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਇਸੇ ਤਰ੍ਹਾਂ ਹੋਰ ਦੇਰੀ ਕਰਦੀ ਰਹੀ ਤਾਂ ਤਿੱਖਾ ਸੰਘਰਸ਼ ਵਿੱਢਾਂਗੇ - ਜਨਰਲ ਸਕੱਤਰ ਡਾ. ਅਜੈ ਕੁਮਾਰ
ਚੰਡੀਗੜ੍ਹ, 27 ਦਸੰਬਰ 2024: ਸਿੱਖਿਆ ਦਾ ਨਾਅਰਾ ਦੇ ਕੇ ਪੰਜਾਬ ਵਿੱਚ ਸੱਤਾ ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਾਰੇ ਦਿਨੋ-ਦਿਨ ਹੋਰ ਲੰਮੇ ਹੁੰਦੇ ਜਾ ਰਹੇ ਹਨ , ਇਸ ਸੰਬੰਧੀ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ.ਟੀਨਾ ਨੇ ਦੱਸਿਆ ਕਿ ਹਰ ਵਾਰ ਮੀਟਿੰਗ ਨੂੰ ਅੱਗੇ ਪਾ ਦੇਣਾ ਤੇ ਮੈਰੀਟੋਰੀਅਸ ਟੀਚਰਜ਼ ਦੀ ਗੱਲ ਨਾ ਸੁਨਣਾ ਕਿਤੇ ਨਾ ਕਿਤੇ ਸਾਡੀ ਮਿਹਨਤ ਨੂੰ ਅੱਖੋਂ ਪਰੋਖੇ ਕਰਨਾ ਹੈ , ਪਿਛਲੇ ਮਹੀਨੇ ਸੰਘਰਸ਼ ਚੋਂ ਮਿਲੀ ਮੀਟਿੰਗ ਦਾ ਇੰਤਜ਼ਾਰ ਹੋਰ ਵੱਧਦਾ ਜਾ ਰਿਹਾ ਹੈ।
ਚੇਤੇ ਰਹੇ ਪਹਿਲਾਂ ਇਹ ਮੀਟਿੰਗ 17 ਦਸੰਬਰ ਦੀ ਸੀ , ਫਿਰ ਇਸ ਨੂੰ ਰੱਦ ਕਰਕੇ 26 ਦਸੰਬਰ ਰੱਖ ਦਿੱਤਾ ਗਿਆ ਤੇ ਹੁਣ 26 ਦਸੰਬਰ ਨੂੰ ਰੱਦ ਕਰਕੇ 08 ਜਨਵਰੀ 2025 ਤੇ ਪਾ ਦਿੱਤਾ ਗਿਆ , ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਮੈਰੀਟੋਰੀਅਸ ਟੀਚਰਜ਼ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਟਾਲਮਟੋਲ ਕਰਕੇ ਸਮਾਂ ਲੰਘਾ ਰਹੀ ਹੈ ,ਮੈਰੀਟੋਰੀਅਸ ਟੀਚਰਾਂ ਦੁਆਰਾ ਪਿਛਲੇ ਸਾਲ ਬਾਰ੍ਹਵੀਂ ਦੇ ਨਤੀਜਿਆਂ ਵਿੱਚੋਂ 86 ਮੈਰਿਟਾਂ , ਪ੍ਰਤੀਯੋਗੀ ਪ੍ਰੀਖਿਆਵਾਂ ਜੇ.ਈ. ਮੇਨ ਚੋਂ 243 ਤੇ ਨੀਟ ਵਿੱਚੋਂ 118 ਵਿਦਿਆਰਥੀ ਸਫ਼ਲ ਹੋਏ , ਅਸੀਂ ਇਮਾਨਦਾਰੀ ਨਾਲ ਸਿੱਖਿਆ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ।
ਕਿਰਤੀ, ਕਿਸਾਨਾਂ ਦੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉੱਚ ਕੋਟੀ ਦੇ ਅਫ਼ਸਰ ਬਣਾਇਆ ਪਰ ਇਹ ਸਰਕਾਰ ਵੀ ਸਾਡੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਤੋਂ ਆਪਣੀ ਵਚਨਬੱਧਤਾ ਤੋਂ ਥਿੜਕੀ ਹੈ , ਅਸੀਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਇਸ ਖੋਟ ਨੀਤੀਆਂ ਦਾ ਲੋਕ- ਕਚਹਿਰੀ ਵਿੱਚ ਜਾ ਕੇ ਪਰਦਾਫਾਸ਼ ਕਰਾਂਗੇ ।
ਮੈਰੀਟੋਰੀਅਸ ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੈ ਕੁਮਾਰ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਮਿਥੇ ਸਮੇਂ ਤੋਂ ਮੀਟਿੰਗ ਕਰਨ ਤੋਂ ਭੱਜਦੀ ਹੈ ਤੇ ਮੀਟਿੰਗ ਵਿੱਚ ਮੰਗਾਂ ਪ੍ਰਤੀ ਕੋਈ ਸਾਰਥਿਕ ਸਿੱਟਾ ਨਹੀਂ ਨਿੱਕਲਦਾ ਤਾਂ ਇਸ ਸੰਬੰਧੀ ਤਿੱਖਾ ਐਕਸ਼ਨ ਕੀਤਾ ਜਾਵੇਗਾ ਤੇ ਇਸ ਸੰਬੰਧੀ ਸੂਬਾ ਪੱਧਰੀ ਰਣਨੀਤੀ ਉਲੀਕੀ ਜਾਵੇਗੀ , ਸਰਕਾਰ ਸਿੱਖਿਆ ਦੇ ਨਾਮ ਤੇ ਸਿਰਫ਼ ਢੰਡੋਰਾ ਪਿੱਟ ਰਹੀ ਹੈ ਜਦ ਕਿ ਅਧਿਆਪਕਾਂ ਦੇ ਚੰਗੇ ਨਤੀਜਿਆਂ ਦੀਆਂ ਪ੍ਰਾਪਤੀਆਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ।
ਸਾਡੀ ਪ੍ਰਮੁੱਖ ਮੰਗ ,ਪੰਜਾਬ ਸਰਕਾਰ ,ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਜਲਦ ਰੈਗੂਲਰ ਕਰੇ ਤੇ ਸਕੂਲਾਂ ਦਾ ਰਲੇਵਾਂ ਸਿੱਖਿਆ ਵਿਭਾਗ ਵਿੱਚ ਕਰੇ, ਪਿਛਲੇ ਲੰਮਿਤ ਬਕਾਇਆਂ ਨੂੰ ਜਾਰੀ ਕਰੇ , ਪਿਛਲੇ 10 ਸਾਲਾਂ ਵਿੱਚ ਤਨਖ਼ਾਹ ਵਿੱਚ ਵਾਧਾ ਸਿਰਫ਼ 2326 ਰੁਪਏ ਹੀ ਹੋਇਆ ਇਸ ਤੋਂ ਜ਼ਿਆਦਾ ਵਿਤਕਰਾ ਹੋਰ ਕੀ ਹੋ ਸਕਦਾ ਹੈ । ਇਸ ਸਮੇਂ ਯੂਨੀਅਨ ਦੇ ਵਿੱਤ ਸਕੱਤਰ ਰਾਕੇਸ਼ ਕੁਮਾਰ, ਐਸਪ੍ਰੀਤ ਕੌਰ , ਅਮਨਜੋਤ ਕੌਰ, ਜਸਪ੍ਰੀਤ ਕੌਰ, ਵਿਪਨੀਤ ਕੌਰ, ਰਤਨਜੋਤ ਕੌਰ, ਜਸਵਿੰਦਰ ਸਿੰਘ, ਗਗਨ ਬਾਂਸਲ, ਡਾ.ਬਲਰਾਜ ਸਿੰਘ, ਬੂਟਾ ਸਿੰਘ ਮਾਨ, ਅਜੈ ਕੁਮਾਰ ਮਨਚੰਦਾ, ਮੋਹਿਤ ਪੂਨੀਆ ਆਦਿ ਹੋਰ ਸਾਥੀ ਹਾਜ਼ਰ ਰਹੇ।