ਨਰਕ ਹੰਢਾ ਰਹੇ ਸਨਸਿਟੀ ਕਲੋਨੀ ਵਾਸੀਆਂ ਵੱਲੋਂ ਸਾਰ ਨਾਂ ਲੈਣ ਦੀ ਸੂਰਤ ’ਚ ਸੰਘਰਸ਼ ਦੀ ਚਿਤਾਵਨੀ
ਅਸ਼ੋਕ ਵਰਮਾ
ਬਠਿੰਡਾ, 24ਦਸੰਬਰ 2024: ਬਠਿੰਡਾ–ਬਾਦਲ ਸੜਕ ਤੇ ਨੰਨ੍ਹੀ ਛਾਂ ਚੌਂਕ ਨਜ਼ਦੀਕ ਬਣੀ ਸਨਸਿਟੀ ਇਨਕਲੇਵ ਕਲੋਨੀ ਵਾਸੀ ਪਿਛਲੇ ਕਈ ਸਾਲਾਂ ਤੋਂ ਧਰਤੀ ਹੇਠਲਾ ਸ਼ੋਰੇ ਵਾਲਾ ਪਾਣੀ ਪੀਣ ਨੂੰ ਮਜ਼ਬੂਰ ਹਨ। ਕਲੋਨੀ ’ਚ ਟੁੱਟੀਆਂ ਸੜਕਾਂ, ਥਾਂ–ਥਾਂ ਲੀਕ ਹੁੰਦਾ ਸੀਵਰੇਜ਼ ਦਾ ਗੰਦਾ ਪਾਣੀ, ਬੰਦ ਸਟਰੀਟ ਲਾਇਟਾਂ ਅਤੇ ਮੀਟਰਾਂ ਦੇ ਟੁੱਟੇ ਦਰਵਾਜ਼ੇ ਕਲੋਨੀ ਦੀ ਆਪ ਮੁਹਾਰੇ ਤਸ਼ਵੀਰ ਪੇਸ਼ ਕਰ ਰਹੇ ਹਨ।ਬਠਿੰਡਾ ਵਿਕਾਸ ਅਥਾਰਟੀ ਦੇ ਜੇ ਈ ਨੇ ਕਲੋਨੀ ’ਚ ਪਹੁੰਚ ਕੇ ਕਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਉੱਚ ਅਧਿਕਾਰੀਆਂ ਨੂੰ ਭੇਜਣ ਦੀ ਹਾਮੀ ਭਰੀ। ਇਸ ਦੇ ਬਾਵਜੂਦ ਕਲੋਨੀ ਵਾਸੀਆਂ ਨੇ ਮਸਲੇ ਹੱਲ ਨਾਂ ਹੋਣ ਦੀ ਸੂਰਤ ’ਚ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਕਲੋਨੀ ਵਾਸੀ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਮਨਦੀਪ ਸਿੰਘ ਤੇ ਜੁਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਕਲੋਨੀ ’ਚ ਲਗਭਗ 10 ਸਾਲ ਪਹਿਲਾ ਆਪਣਾ ਮਕਾਨ ਬਣਾਇਆ ਤਾਂ ਕਲੋਨੀ ਮਾਲਕਾਂ ਨੇ ਉਨ੍ਹਾਂ ਨੂੰ ਨਹਿਰੀ ਪਾਣੀ ਦੇਣ ਦਾ ਵਾਅਦਾ ਕੀਤਾ ਜੋ 10 ਸਾਲਾਂ ਬੀਤਣ ਦੇ ਬਾਅਦ ਵੀ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਲੱਖਾਂ ਰੁਪਏ ਦੇ ਕੇ ਪਲਾਟ ਖਰੀਦਣ ਦੇ ਨਾਲ–ਨਾਲ ਪਾਣੀ ਅਤੇ ਸੀਵਰੇਜ਼ ਦੇ ਹਜ਼ਾਰਾਂ ਰੁਪਏ ਕਲੋਨੀ ਮਾਲਕਾਂ ਨੂੰ ਪਹਿਲਾ ਹੀ ਦੇ ਚੁੱਕੇ ਹਨ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਸਫਾਈ ਪੱਖੋ ਬਠਿੰਡਾ ਪਹਿਲੀਆਂ ਕਤਾਰਾਂ ’ਚ ਆਉਦਾ ਹੈ ਪ੍ਰੰਤੂ ਕਲੋਨੀ ’ਚ ਜੋ ਸੀਵਰੇਜ਼ ਪਾਇਆ ਹੈ ਉਸ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਿੱਟੇ ਵਜੋਂ ਥਾਂ–ਥਾਂ ਤੇ ਓਵਰਫਲੋਂ ਹੋਣ ਕਾਰਨ ਬਦਬੂ ਮਾਰ ਰਹੀ ਹੈ ਜਿਸ ਕਾਰਨ ਉਨ੍ਹਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਅੱਧੇ ਤੋਂ ਵੱਧ ਸਟਰੀਟ ਲਾਇਟਾਂ ਵੀ ਨਹੀਂ ਜਗਦੀਆਂ, ਜਿਸ ਕਾਰਨ ਕਦੇ ਵੀ ਕੋਈ ਵੀ ਵਾਰਦਾਤ ਹੋ ਸਕਦੀ ਹੈ।ਕਲੋਨੀ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਉਸ ਸਮੇੇਂ ਦੀ ਕੈਪਟਨ ਦੀ ਕਾਂਗਰਸ ਸਰਕਾਰ ਅਤੇ ਹੁਣ ਮੌਜੂਦਾ ਭਗਵੰਤ ਮਾਨ ਦੀ ਆਪ ਸਰਕਾਰ ਕੋਲ ਵੀ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦਾ ਮੁੱਦਾ ਚਿੱਠੀਆਂ ਰਾਹੀ ਉਠਾਇਆ ਪ੍ਰੰਤੂ ਹਾਲੇ ਤੱਕ ਕੋਈ ਵੀ ਹੱਲ ਨਹੀਂ ਹੋਇਆ।ਉਨ੍ਹਾਂ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਕਲੋਨੀ ਵਾਸੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਮਜ਼ਬੂਰੀ ਆਪਣੇ ਸੰਘਰਸ਼ ਨੂੰ ਤੇਜ਼ ਕਰਨਗੇ।
ਬੀਡੀਏ ਅਧਿਕਾਰੀ ਦਾ ਪੱਖ
ਬਠਿੰਡਾ ਵਿਕਾਸ ਅਥਾਰਟੀ ਦੇ ਜੇਈ ਵਿਸ਼ਵਜੀਤ ਸਿੰਘ ਦਾ ਕਹਿਣਾ ਸੀ ਕਿ ਕਲੋਨੀ ਵਾਸੀਆਂ ਵੱਲੋਂ ਸਹੂਲਤਾਂ ਨਾ ਮਿਲਣ ਦੀ ਕੀਤੀ ਸ਼ਕਾਇਤ ਦੇ ਚੱਲਦਿਆਂ ਉਨ੍ਹਾਂ ਅੱਜ ਮੌਕਾ ਦੇਖਿਆ ਹੈ ਜਿਸ ਬਾਰੇ ਉਹ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦੇਣਗੇ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਅਧਾਰ ਤੇ ਜੋ ਵੀ ਆਦੇਸ਼ ਮਿਲਿਆ ਉਸ ਦੇ ਅਧਾਰ ਤੇ ਅਗਲੀ ਕਾਰਵਾਈ ਕਰ ਦਿੱਤੀ ਜਾਏਗਾ।
ਉਨ੍ਹਾਂ ਵੱਲੋਂ ਇਸ ਦੀ ਪੂਰੀ ਰਿਪੋਟ ਤਿਆਰ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਅੱਗੇ ਭੇਜ ਦਿੱਤੀ ਜਾਵੇਗੀ।