ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 'ਸ਼ਹੀਦੀ ਹਫ਼ਤੇ' ਨੂੰ ਸਮਰਪਿਤ ਧਾਰਮਿਕ ਸਮਾਗਮ
- ਸਿੱਖ ਧਰਮ ਦੇ ਇਤਿਹਾਸ ਬਾਰੇ ਕਰਵਾਇਆ ਜਾਣੂੰ
- ਛੋਟੇ ਬੱਚਿਆਂ ਦੇ ਕਰਵਾਏ ਦਸਤਾਰ ਸਜਾਉਣ ਦੇ ਮੁਕਾਬਲੇ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਦਸੰਬਰ 2024 - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਵਿਖੇ ਸਹਿਬਜ਼ਾਦਿਆਂ,ਮਾਤਾ ਗੁਜਰ ਕੌਰ ਅਤੇ ਅਨੇਕਾਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਹਫ਼ਤੇ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਵਲੋਂ ਜਪੁਜੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ, ਕਵਿਤਾਵਾਂ,ਕਵੀਸ਼ਰੀ ਅਤੇ ਚਾਰੇ ਹਾਊਸ ਦੇ ਬੱਚਿਆਂ ਵਲੋਂ ਮਾਤਾ ਗੁਜਰ ਕੌਰ,ਚਾਰੇ ਸਾਹਿਬਜ਼ਾਦਿਆਂ ਦੀ ਜੀਵਨੀ ਅਤੇ ਸ਼ਹਾਦਤ ਦੇ ਇਤਿਹਾਸਕ ਵੇਰਵਿਆਂ ਨੂੰ ਸਾਂਝਾ ਕੀਤਾ।ਇਸ ਤੋਂ ਇਲਾਵਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੋਟੇ-ਛੋਟੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਤਾਂ ਕਿ ਬੱਚੇ ਆਪਣੇ ਸਿੱਖ ਧਰਮ ਦੇ ਇਤਿਹਾਸ ਤੋਂ ਜਾਣੂ ਹੋ ਕੇ ਦਸਤਾਰ ਅਤੇ ਸਿੱਖੀ ਪ੍ਰਤੀ ਪ੍ਰੇਰਿਤ ਹੋਣ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ,ਐਜ਼ੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ, ਡਾਇਰੈਕਟਰ ਡਾ.ਹਰਕੀਰਤ ਕੌਰ ਸੰਧੂ ਅਤੇ ਪ੍ਰਿੰਸੀਪਲ ਸ.ਨਿਰਭੈ ਸਿੰਘ ਸੰਧੂ ਵਲੋਂ ਸਰਬੰਸਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਹਫ਼ਤੇ ਦੌਰਾਨ ਅਨੰਦਪੁਰ ਦਾ ਕਿਲ੍ਹਾ,ਸਰਸਾ ਨਦੀ,ਚਮਕੌਰ ਦਾ ਸਾਕਾ,ਮਾਛੀਵਾੜੇ ਦੇ ਜੰਗਲ,ਸੂਬੇ ਦੀ ਕਚਹਿਰੀ,ਠੰਡਾ ਬੁਰਜ,ਸਰਹੰਦ ਦੀਆਂ ਨੀਹਾਂ,ਮੋਤੀ ਰਾਮ ਮਹਿਰਾ,ਟੋਡਰਮੱਲ ਆਦਿ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਅਦੁਤੀਆਂ ਸ਼ਹਾਦਤਾਂ ਨੂੰ ਸਿਜਦਾ ਕੀਤਾ ਗਿਆ।