ਡੇਅਰੀ ਮਾਲਕਾਂ ਵੱਲੋਂ ਬੁੱਢੇ ਦਰਿਆ ਵਿੱਚ ਗੰਦਾ ਪਾਣੀ ਨਾ ਪਾਉਣ ਦਾ ਭਰੋਸਾ
- ਅਲੋਚਨਾ ਦੀ ਥਾਂ ਸਮੱਸਿਆ ਦੇ ਬਦਲ ਲੱਭੇ ਜਾਣ : ਸੰਤ ਸੀਚੇਵਾਲ
- ਦੋ ਮਹੀਨਿਆਂ ਤੱਕ ਡੇਅਰੀਆਂ ਦਾ ਗੋਹੇ ਤੇ ਗੰਦੇ ਪਾਣੀ ਦਾ ਕਰਕੇ ਦਿੱਤਾ ਜਾਵੇਗਾ ਪ੍ਰਬੰਧ
- ਪਵਿੱਤਰ ਵੇਂਈ ਦੀ ਮੁੜ ਸੁਰਜੀਤੀ ਲੋਕਾਂ ਦੀ ਜਾਗਰੂਕਤਾ ਦੀ ਮਿਸਾਲ
- ਸ੍ਰੀ ਆਖੰਡ ਪਾਠਾਂ ਦੀ ਆਰੰਭ ਲੜੀ ਦੇ ਪਹਿਲੇ ਪਾਠ ਦਾ ਪਾਇਆ ਗਿਆ ਭੋਗ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 24 ਦਸੰਬਰ 2024 - ਬੁੱਢੇ ਦਰਿਆ ਵਿੱਚ ਡੇਅਰੀਆਂ ਦਾ ਗੋਹਾ ਤੇ ਗੰਦਾ ਪਾਣੀ ਰੋਕਣ ਦਾ ਪ੍ਰਬੰਧ ਕਰਦਿਆ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡੇਅਰੀ ਮਾਲਕਾਂ ਨੂੰ ਕਿਹਾ ਕਿ ਦੋ ਮਹੀਨੇ ਤੱਕ ਕਿ ਉਹ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਉਹਨਾਂ ਦਾ ਗੋਹਾ ਤੇ ਪਸ਼ੂਆਂ ਦਾ ਮਲ ਮੂਤਰ ਦਾ ਪ੍ਰਬੰਧ ਕਰਨਗੇ। ਜਿਸ ਦੌਰਾਨ ਡੇਅਰੀ ਮਾਲਕ ਆਪਣਾ ਪ੍ਰਬੰਧ ਆਪ ਕਰਨ ਲਈ ਸਹਿਮਤ ਹੋ ਗਏ। ਸਾਰੇ ਡੇਅਰੀ ਮਾਲਕਾਂ ਨੇ ਭਰੋਸਾ ਦਵਾਇਆ ਕਿ ਉਹ ਵੀ ਨਹੀ ਚਾਹੁੰਦੇ ਕਿ ਬੁੁੱਢੇ ਦਰਿਆ ਵਿੱਚ ਗੰਦਗੀ ਪਾਈ ਜਾਵੇ। ਉਹ ਅਜਿਹਾ ਪ੍ਰਬੰਧ ਨਾ ਸੂਰਤ ਹੋਣ ਦੀ ਕਾਰਣ ਹੀ ਕਰ ਰਹੇ ਸੀ। ਇਸੇ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਨਿਗਮ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਿਦਾਇਤਾਂ ਕੀਤੀਆਂ ਕਿ ਉਹ ਫੈਕਟਰੀਆਂ ਦੇ ਗੰਦੇ ਪਾਣੀ ਦੀ ਨਿਸ਼ਾਨਦੇਹੀ ਕਰਨ ਅਤੇ ਦਰਿਆ ਨੂੰ ਪਲੀਤ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ।
ਇਸਤੋਂ ਪਹਿਲਾਂ ਗੁਰਦੁਆਰਾ ਗਊਘਾਟ ਵਿੱਚ ਤਿੰਨ ਦਿਨਾਂ ਤੋਂ ਰਖੇ ਪਾਠ ਦਾ ਭੋਗ ਪਾਇਆ ਗਿਆ। ਇਸ ਦੌਰਾਨ ਪੰਜਾਬ ਦੇ ਪਲੀਤ ਹੋ ਰਹੇ ਨਦੀਆਂ ਤੇ ਦਰਿਆਵਾਂ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਪਹਿਲੀਆਂ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ ਉੱਥੇ ਹੀ ਮੌਜੂਦਾ ਸੂਬਾ ਸਰਕਾਰ ਬਚ ਨਹੀ ਸਕਦੀ। ਉਹਨਾਂ ਕਿਹਾ ਕਿ ਹੁਣ ਤੱਕ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਹੈ। ਜਿਸ ਲਈ ਅਸੀ ਸਭ ਦੋਸ਼ੀ ਹਾਂ। ਪਰ ਹੁਣ ਸਾਨੂੰ ਉੱਠਣ ਤੇ ਜਾਗਣ ਦੀ ਲੋੜ ਹੈ। ਉਹਨਾਂ ਕਿਹਾ ਕਿ ਬਾਬੇ ਨਾਨਕ ਦੀ ਪਵਿੱਤਰ ਵੇਂਈ ਦੀ ਮੁੜ ਸੁਰਜੀਤੀ ਵੀ ਲੋਕਾਂ ਦੀ ਜਾਗਰੂਕਤਾ ਦੀ ਇੱਕ ਮਿਸਾਲ ਹੈ। ਜਿਸਦਾ ਪਾਣੀ ਅੱਜ ਪੀਤਾ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇਸ ਸਮੇਂ ਬਜਾਏ ਕਿਸੇ ਦੀ ਵੀ ਅਲੋਚਨਾ ਕਰਨ ਨਾਲੋਂ ਸਾਨੂੰ ਜਿਹਨਾਂ ਹੋ ਸਕੇ ਇਸਤੇ ਕੰਮ ਕਰਨਾ ਚਾਹੀਦਾ ਹੈ ਅਤੇ ਅਸੀ ਆਪਣਾ ਵਤੀਰਾ ਕੁਦਰਤੀ ਸਾਧਨਾਂ ਪ੍ਰਤੀ ਹਾਂ ਪੱਖੀ ਰੱਖੀਏ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇਕ ਸਿੰਘ ਸੇਖੋਂ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਦੱਸਦਿਆ ਕਿਹਾ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ 1515 ਈ. ਨੂੰ ਸਤਲੁਜ ਦਰਿਆ ਨੂੰ ਪਿੱਛੇ ਹੋ ਕੇ ਤੇ ਬੁੱਢਾ ਹੋ ਕੇ ਵੱਗਣ ਦੇ ਉਪਦੇਸ਼ ਦਿੱਤੇ ਸੀ। ਪਰ ਵਿਕਾਸ ਦੀ ਹਨੇਰੀ ਤੇ ਸਮੇਂ ਦੀਆਂ ਹਕੂਮਤਾਂ ਕਾਰਣ ਇਹ ਪਵਿੱਤਰ ਬੁੱਢਾ ਦਰਿਆ ਇੱਕ ਗੰਦਾ ਨਾਲਾ ਬਣ ਗਿਆ। ਉਹਨਾਂ ਕਿਹਾ ਕਿ ਉਹ ਸੰਤ ਸੀਚੇਵਾਲ ਜੀ ਵੱਲੋਂ ਬੁੱਢੇ ਦਰਿਆ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਆਰੰਭੇ ਇਸ ਕਾਰਜ਼ ਲਈ ਉਹਨਾਂ ਦੇ ਨਾਲ ਹਨ ਤੇ ਉਹਨਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਇਸ ਤਰ੍ਹਾਂ ਲੁਧਿਆਣੇ ਤੋਂ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਤੇ ਰਾਮਗੜ੍ਹੀਆਂ ਕਾਲਜ਼ ਦੇ ਪ੍ਰਧਾਨ ਰਣਜੋਧ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਲੋਕਾਈ ਨੇ ਵਾਤਾਵਰਣ ਦਾ ਅੱਜ ਜੋ ਹਾਲ ਕਰ ਦਿੱਤਾ ਹੈ ਜੇਕਰ ਇਹ ਵਰਤਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ 50 ਸਾਲਾਂ ਤੱਕ ਇਹ ਧਰਤੀ ਰਹਿਣ ਯੋਗ ਨਹੀ ਰਹੇਗੀ। ਉਹਨਾਂ ਸਮੁੱਚੇ ਪੰਜਾਬੀਆਂ ਨੂੰ ਬੱੁਢੇ ਦਰਿਆ ਨੂੰ ਸਾਫ ਕਰਨ ਦੇ ਵਿੱਢੇ ਇਸ ਸੰਘਰਸ਼ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ਸੰਤ ਬਾਬਾ ਸੁਖਜੀਤ ਸਿੰਘ, ਸੰਤ ਬਾਬਾ ਸੁਖਵਿੰਦਰ ਸਿੰਘ, ਕਰਨਲ ਲਖਨਪਾਲ ਸਿੰਘ, ਮਹਿੰਦਰ ਸਿੰਘ ਸੇਂਖੋ, ਰਜਵੰਤ ਸਿੰਘ ਗਰੇਵਾਲ, ਸਰਪੰਚ ਬੂਟਾ ਸਿੰਘ, ਸਰਪੰਚ ਅਮਰੀਕ ਸਿੰਘ, ਹਰਦੇਵ ਸਿੰਘ ਦੌਧਰ, ਜਸਵੰਤ ਸਿੰਘ ਗਿੱਲ, ਮਹਿੰਦਰ ਸਿੰਘ ਬੈਨੀਪਾਲ, ਗੁਰਦੀਪ ਸਿੰਘ, ਸਤਨਾਮ ਸਿੰਘ, ਦਲਜੀਤ ਸਿੰਘ, ਪਲਵਿੰਦਰ ਸਿੰਘ, ਪਰਮਜੀਤ ਸਿੰਘ ਤੋ ਇਲਾਵਾ ਹੋਰ ਸਮਾਜ ਸੇਵੀ ਜੱਥੇਬੰਦੀਆਂ, ਵਾਤਾਵਰਣ ਪ੍ਰੇਮੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
*ਬਾਕਸ ਆਈਟਮ : ਇਸ ਮੌਕੇ ਸੰਤ ਸੀਚੇਵਾਲ ਨੇ 225 ਐਮਐਲਡੀ ਵਾਲੇ ਟਰੀਟਮੈਂਟ ਪਲਾਂਟ ਦੇ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਪਿਗ ਸਟੇਸ਼ਨ ਨੂੰ ਲੈ ਕੇ ਜੋ ਸਟੇਅ ਹੋਇਆ ਉਸਤੇ ਚਰਚਾ ਕੀਤੀ ਗਈ ਤੇ ਇਸਨੂੰ ਜਲਦ ਤੋਂ ਜਲਦ ਚਾਲੂ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ। ਜਿਸ ਨਾਲ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀ ਟਰੀਟਮੈਂਟ ਪਲਾਂਟ ਤੱਕ ਪਹੁੰਚ ਸਕੇਗਾ। ਜਿਸਦਾ ਪ੍ਰਬੰਧ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਡਰੇਨੇਜ਼ ਵਿਭਾਗ ਵੱਲੋਂ 10 ਦਿਨਾਂ ਵਿੱਚ ਬੱੁਢੇ ਦਰਿਆ ਵਿੱਚ 200 ਕਿਊਸਿਕ ਪਾਣੀ ਛੱਡਣ ਦਾ ਕਿਹਾ ਗਿਆ। ਇਸ ਮੌਕੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਇਸ ਕਾਰਜ਼ ਵਿਚ ਹਰੇਕ ਤਰ੍ਹਾਂ ਦਾ ਲੋੜੀਂਦਾ ਸਮਾਨ ਮਹੱੁਈਆ ਕਰਵਾਇਆ ਜਾਵੇਗਾ। ਇਸ ਮੀਟਿੰਗ ਵੱਚ ਲੁਧਿਆਣਾ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ, ਡੀਡੀਪੀਓ ਨਵਦੀਪ ਕੌਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕੁਲਦੀਪ ਸਿੰਘ ਸਮੇਤ ਡਰੇਨਜ਼, ਰੈਵਨਿਊ ਵਿਭਾਗ, ਬਿਜਲੀ ਵਿਭਾਗ, ਪੁਲਿਸ ਪ੍ਰਸ਼ਾਸ਼ਨ, ਸੀਵਰੇਜ ਬੋਰਡ ਦੇ ਅਧਿਕਾਰੀ ਹਾਜ਼ਰ ਸਨ